ਨਵਾਂਸ਼ਹਿਰ, 19 ਮਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) - ਰਿਜਨਲ ਟਰਾਂਸਪੋਰਟ ਅਫ਼ਸਰ ਕਮ ਮੈਂਬਰ ਸਕੱਤਰ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਇੰਦਰਪਾਲ ਨੇ ਸਮੂਹ ਆਟੋ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਟੋ-ਰਿਕਸ਼ਾ ਨੂੰ ਟ੍ਰੈਫਿਕ ਨਿਯਮਾਂ, ਪਰਮਿਟ ਦੀਆਂ ਸ਼ਰਤਾਂ ਅਤੇ ਮਰਿਆਦਾਵਾਂ ਅਨੁਸਾਰ ਹੀ ਚਲਾਉਣ | ਯਾਤਰੀਆਂ ਦੀ ਸੁਰੱਖਿਆ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਕਾਨੂੰਨੀ ਪ੍ਰਬੰਧ ਬਣਾਏ ਰੱਖਣ ਲਈ ਨਿਰਧਾਰਿਤ ਰੂਟ ਅਤੇ ਹੋਰ ਨਿਯਮਾਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇ | ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬਿਨ੍ਹਾਂ ਦਸਤਾਵੇਜ਼ ਦੇ ਵਾਹਨ ਚਲਾਉਣ ਤੋਂ ਪਰਹੇਜ਼ ਕੀਤਾ ਜਾਵੇ | ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮੋਟਰ ਵਹੀਕਲ ਐਕਟ 1988 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ | ਇਸ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਆਟੋ ਰਿਕਸ਼ਾ ਚਾਲਕ ਸਹਿਯੋਗ ਦੇਣ ਅਤੇ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਉਣ |