ਜਾਡਲਾ, 4 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੈਕੰਡਰੀ ਸਕੂਲ ਦੌਲਤਪੁਰ ਨੂੰ ਸਾਲਾਨਾ ਵਿੱਤੀ ਸਹਾਇਤਾ ਵਜੋਂ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ | ਸ਼੍ਰੋਮਣੀ ਕਮੇਟੀ ਹਰ ਸਾਲ ਇਸ ਅਦਾਰੇ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਆ ਰਹੀ ਹੈ | ਚੈੱਕ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਬਲਾਚੌਰ ਤੋਂ ਮੈਂਬਰ ਤੇ ਮੁੱਖ ਬੁਲਾਰੇ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਇੰਸਪੈਕਟਰ ਬਲਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ | ਇਸ ਮੌਕੇ ਟਰੱਸਟ ਤੇ ਸਕੂਲ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਵੇਂ ਐਸ. ਜੀ. ਪੀ. ਸੀ. ਦਾ ਬਜਟ ਕੋਈ ਬਹੁਤਾ ਨਹੀਂ ਹੈ, ਪਰ ਫਿਰ ਵੀ ਜਿਹੜੇ ਅਦਾਰੇ ਪੰਥ, ਪੰਜਾਬ ਤੇ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਵਿੱਤੀ ਸਹਾਇਤਾ ਕਰਨ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਤਤਪਰ ਰਹੀ ਹੈ | ਇਸ ਮੌਕੇ ਟਰੱਸਟ ਵਲੋਂ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਤੇ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਨੇ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਸਮੂਹ ਐਸ. ਜੀ. ਪੀ. ਸੀ. ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰਜੀਤ ਸਿੰਘ ਥਾਂਦੀ, ਅਕਾਲੀ ਆਗੂ ਗੁਰਜਿੰਦਰ ਸਿੰਘ ਪੱਪਾ, ਬਲਵਿੰਦਰ ਸਿੰਘ ਬਬਲੂ, ਮਨਜੀਤ ਸਿੰਘ ਹੈਪੀ, ਰਣਜੀਤ ਸਿੰਘ ਮਾਨ, ਠੇਕੇਦਾਰ ਦੇਸ਼ ਰਾਜ, ਸਕੂਲ ਦੀ ਵਾਈਸ ਪਿ੍ੰਸੀਪਲ ਮੈਡਮ ਰਮਨ ਭਾਟੀਆ, ਮੈਡਮ ਰਮਾ ਠਾਕਰ ਆਦਿ ਹਾਜ਼ਰ ਸਨ |