ਕਟਾਰੀਆਂ, 10 ਜੂਨ (ਪ੍ਰੇਮੀ ਸੰਧਵਾਂ) -ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ, ਸਕੂਲ, ਡਾ. ਅੰਬੇਡਕਰ ਅਕੈਡਮੀ ਸੂੰਢ ਅਤੇ ਆਪਣੇ ਕੋਚ ਦਾ ਨਾਮ ਰੌਸ਼ਨ ਕੀਤਾ | ਇਸ ਮੁਕਾਬਲੇ ਵਿੱਚ ਨਮਨ ਸਿੰਘ ਅਹੀਰ, ਦਮਨਦੀਪ ਸਿੰਘ ਅਤੇ ਡੌਲੀ ਨੇ ਸੋਨੇ ਦੇ ਤਗਮੇ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ, ਜਦਕਿ ਲਕਸ਼ ਧੀਮਾਨ, ਸਨੀ ਅਤੇ ਨੈਂਸੀ ਨੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ | ਇਸ ਤੋਂ ਇਲਾਵਾ ਅੰਕੁਸ਼ ਅਤੇ ਮੁਹੰਮਦ ਅਰਮਾਨ ਨੇ ਵੀ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਭਵਿੱਖ ਲਈ ਉਮੀਦਾਂ ਜਗਾਈਆਂ | ਖਿਡਾਰੀਆਂ ਦੀ ਇਸ ਸਫਲਤਾ 'ਤੇ ਕੋਚ ਮਨਜੋਤ ਲੌਂਗੀਆ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲਬਧੀਆਂ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹਨ | ਉਨ੍ਹਾਂ ਕਿਹਾ ਕਿ ਟੀਮ ਦੇ ਸਾਰੇ ਖਿਡਾਰੀਆਂ ਨੇ ਪੂਰੀ ਮਿਹਨਤ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਪਰਿਵਾਰਾਂ, ਇਲਾਕੇ, ਸਕੂਲ, ਅਕੈਡਮੀ ਅਤੇ ਪੰਜਾਬ ਦਾ ਮਾਣ ਵਧਾਇਆ ਹੈ | ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ | ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਸੂੰਢ, ਪੰਜਾਬ ਦੇ ਪ੍ਰਧਾਨ ਅਤੇ ਖੇਡ ਪ੍ਰੇਮੀ ਕੁਲਦੀਪ ਭੱਟੀ, ਵਿਨੈ ਥੈਰੋ ਭੰਤੇ ਅਤੇ ਬਾਕੀ ਕਮੇਟੀ ਮੈਂਬਰਾਂ ਵੱਲੋਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਸਾਰੇ ਖਿਡਾਰੀਆਂ ਅਤੇ ਕੋਚ ਮਨਜੋਤ ਲੌਂਗੀਆ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੇ ਪਿ੍ੰਸੀਪਲ ਮਨਜੀਤ ਸਿੰਘ ਲੌਂਗੀਆ ਅਤੇ ਵਾਈਸ ਪਿ੍ੰਸੀਪਲ ਅੰਜਲੀ ਅਤੇ ਡੀ.ਪੀ.ਈ. ਜਗਸੀਰ ਸਿੰਘ ਰਟੈਂਡਾ ਵੀ ਹਾਜ਼ਰ ਸਨ |