ਕਾਠਗੜ੍ਹ, 10 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਹਵਾ ਪਾਣੀ ਤੋਂ ਬਿਨ੍ਹਾਂ ਇਸ ਧਰਤੀ 'ਤੇ ਕਿਸੇ ਵੀ ਜੀਵ ਦਾ ਜਿਉਂਦੇ ਰਹਿਣਾ ਅਸੰਭਵ ਹੈ | ਜਦੋਂ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਤਾਂ ਮਨੁੱਖ ਦਰਿਆਵਾਂ, ਖੂਹਾਂ ਤੇ ਹੋਰ ਸੋਮਿਆਂ ਤੋਂ ਪਾਣੀ ਦੀ ਪੂਰਤੀ ਕਰਦਾ ਆ ਰਿਹਾ ਸੀ, ਪਰ ਉਸ ਸਮੇਂ ਹਵਾ ਤੇ ਪਾਣੀ ਬਿਲਕੁਲ ਸ਼ੁੱਧ ਸੀ | ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ ਉਸੇ ਤਰ੍ਹਾਂ ਕੁਦਰਤੀ ਚੀਜ਼ਾਂ ਦੀ ਬਰਬਾਦੀ ਦੀ ਸ਼ੁਰੂਆਤ ਹੋ ਗਈ ਅਤੇ ਅੱਜ ਹਵਾ ਤੇ ਪਾਣੀ ਦੀ ਸ਼ੁੱਧਤਾ ਖਤਰਨਾਕ ਸਥਿਤੀ ਵਿੱਚ ਪਹੁੰਚ ਚੁੱਕੀ ਹੈ | ਜ਼ਮੀਨ 'ਚ ਛੱਡੇ ਜਾ ਰਹੇ ਕੈਮੀਕਲ ਯੁਕਤ ਗੰਧਲੇ ਪਾਣੀ ਅਤੇ ਹਵਾ 'ਚ ਛੱਡੀਆਂ ਜਾ ਰਹੀਆਂ ਜ਼ਹਿਰੀਲੀਆਂ ਗੈਸਾਂ ਨੇ ਮਨੁੱਖੀ ਜੀਵਨ ਨੂੰ ਖਤਰਨਾਕ ਬਿਮਾਰੀਆਂ ਪਰੋਸਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ | ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸਨਅਤੀ ਖੇਤਰ ਟੌਂਸਾ ਅਧੀਨ ਪੈਂਦੀਆਂ ਕੁੱਝ ਫੈਕਟਰੀਆਂ ਦਾ ਵੀ ਇਹੀ ਹਾਲ ਹੈ, ਜਿਨਾਂ ਕਾਰਨ ਖੇਤਰ 'ਚ ਜਿੱਥੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ ਉੱਥੇ ਹੀ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਜਕੜ ਵਧਦੀ ਜਾ ਰਹੀ ਹੈ ਤੇ ਲੋਕ ਬੇਵਕਤੀ ਮੌਤੇ ਮਰ ਰਹੇ ਹਨ | ਪਿੰਡ ਟੌਂਸਾ ਨਿਵਾਸੀ ਜੋਗਿੰਦਰ ਪਾਲ ਨੇ ਦੁਖੀ ਮਨ ਨਾਲ ਦੱਸਿਆ ਕਿ ਇੱਕ ਫੈਕਟਰੀ ਦੀ ਚਿਮਨੀ ਵਿੱਚੋਂ ਹਰ ਸਮੇਂ ਨਿਕਲਦੇ ਰਾਖ ਭਰੇ ਧੂੰਏਾ ਜਿਸ ਵਿੱਚ ਕਚਰਾ ਹੁੰਦਾ ਹੈ ਨੇ ਲੋਕਾਂ ਦੀਆਂ ਅੱਖਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਜਦੋਂ ਉਹ ਰਾਤ ਸਮੇਂ ਸੌਣ ਤੋਂ ਬਾਅਦ ਸਵੇਰੇ ਉੱਠਿਆ ਤਾਂ ਉਸ ਦੀ ਅੱਖ ਖੁੱਲ੍ਹ ਨਹੀਂ ਰਹੀ ਸੀ ਜਿਸ ਬਾਰੇ ਉਸ ਨੇ ਫੈਕਟਰੀ ਵਾਲਿਆਂ ਨੂੰ ਦੱਸਿਆ ਕਿ ਰਾਤ ਸਮੇਂ ਉਸ ਦੀ ਅੱਖ ਵਿੱਚ ਕਚਰਾ ਪੈ ਗਿਆ ਹੈ ਪਰ ਉਸ ਦੀ ਕਿਸੇ ਨੇ ਵੀ ਕੋਈ ਗੱਲ ਨਾ ਸੁਣੀ ਤੇ ਉਹ ਅੱਖ ਦੇ ਇਲਾਜ ਲਈ ਰੋਪੜ ਪਹੁੰਚਿਆ | ਉਸ ਨੇ ਦੱਸਿਆ ਕਿ ਉਸ ਦੀ ਇੱਕ ਅੱਖ ਦੀ ਰੋਸ਼ਨੀ ਸਾਲ 2012 'ਚ ਚਲੀ ਗਈ ਸੀ | ਜੋਗਿੰਦਰ ਪਾਲ ਨੇ ਦੱਸਿਆ ਕਿ ਬੀਤੇ ਚਾਰ ਸਾਲ ਤੋਂ ਉਸਦੀ ਪਤਨੀ ਕੈਂਸਰ ਤੋਂ ਪੀੜਿਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ | ਲੋਕਾਂ ਮੁਤਾਬਕ ਫੈਕਟਰੀਆਂ ਵਾਲੇ ਜਿੱਥੇ ਵੀ ਦੇਖਦੇ ਹਨ ਉੱਥੇ ਹੀ ਮਨਮਰਜ਼ੀ ਨਾਲ ਰਸਾਇਣ ਯੁਕਤ ਪਾਣੀ ਛੱਡ ਦਿੰਦੇ ਹਨ, ਜਿਸ ਨਾਲ ਟੌਂਸਾ ਖੇਤਰ ਦਾ ਪੀਣ ਵਾਲਾ ਪਾਣੀ ਖਤਰਨਾਕ ਪੱਧਰ ਤੱਕ ਗੰਧਲਾ ਹੋ ਚੁੱਕਿਆ ਹੈ | ਜਦਕਿ ਹਵਾ 'ਚ ਜ਼ਹਿਰੀਲੀਆਂ ਗੈਸਾਂ 'ਤੇ ਚਿਮਨੀਆਂ ਵਿੱਚੋਂ ਨਿਕਲਦੇ ਧੂੰਏ ਨੇ ਜ਼ਹਿਰ ਘੋਲਿਆ ਹੋਇਆ ਹੈ | ਹੋਰ ਤਾਂ ਹੋਰ ਸਿੰਚਾਈ ਵਾਲਾ ਪਾਣੀ ਵੀ ਅਸ਼ੁੱਧ ਹੋ ਗਿਆ ਹੈ, ਜਿਸਦਾ ਅੰਦਾਜ਼ਾ ਟਿਊਬਵੈਲਾਂ ਵਿੱਚੋਂ ਪਾਣੀ ਦੇ ਨਾਲ ਨਿਕਲਦੀ ਝੱਗ ਤੋਂ ਲਾਇਆ ਜਾ ਸਕਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਹਵਾ, ਪਾਣੀ ਦੇ ਖਤਰਨਾਕ ਪੱਧਰ ਤੱਕ ਪ੍ਰਦੂਸ਼ਤ ਹੋਣ ਵਿੱਚ ਸੰਬੰਧਿਤ ਵਿਭਾਗ ਤੇ ਸਰਕਾਰਾਂ ਇੱਕੋ ਜਿਹੇ ਜਿੰਮੇਵਾਰ ਹਨ | ਖੇਤਰ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਲਕੇ ਵਿੱਚ ਵਧੇ ਹਵਾ, ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਖਦਮ ਚੁੱਕੇ ਜਾਣ ਅਤੇ ਜਾਂਚ ਪੜਤਾਲ ਕਰਕੇ ਜੋ ਵੀ ਕਸੂਰਵਾਰ ਹੈ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਤੋਂ ਬਚੇ ਰਹਿਣ |