06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਆਪਣੇ ਬੀ.ਐੱਲ.ਓ. ਨਾਲ ਸੰਪਰਕ ਕਰੋ ਅਤੇ 3 ਅਗਸਤ ਤੱਕ ਐਨਿਊਮਰੇਸ਼ਨ ਫ਼ਾਰਮ ਜਮ੍ਹਾਂ ਕਰੋ -ਡਿਪਟੀ ਕਮਿਸ਼ਨਰ

ਅਜੀਤ ਡੈਸਕ 17-07-2026
ਨਵਾਂਸ਼ਹਿਰ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਭਾਰਤੀ ਚੋਣ ਕਮਿਸ਼ਨ ਨੇ ਵਿਸ਼ੇਸ਼ ਗਹਿਰੀ ਸੁਧਾਈ ਲਈ ਸੋਧਿਆ ਸ਼ਡਿਊਲ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਬੰਧਤ ਬੀ.ਐੱਲ.ਓ. ਨਾਲ ਸੰਪਰਕ ਕਰਕੇ 3 ਅਗਸਤ ਤੱਕ ਆਪਣਾ ਐਨਿਊਮਰੇਸ਼ਨ ਫਾਰਮ ਭਰ ਕੇ ਜ਼ਰੂਰ ਜਮ੍ਹਾਂ ਕਰਵਾਉਣ, ਤਾਂ ਜੋ ਵੋਟਰ ਸੂਚੀਆਂ ਨੂੰ ਸਹੀ, ਪਾਰਦਰਸ਼ੀ ਅਤੇ ਤਰੁੱਟੀ-ਰਹਿਤ ਬਣਾਇਆ ਜਾ ਸਕੇ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਧੇ ਹੋਏ ਸ਼ਡਿਊਲ ਅਨੁਸਾਰ ਬੀ.ਐੱਲ.ਓ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਅਤੇ ਐਨਿਊਮਰੇਸ਼ਨ ਫਾਰਮ ਇਕੱਤਰ ਕਰਨ ਦਾ ਕੰਮ ਹੁਣ 3 ਅਗਸਤ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦੀ ਪ੍ਰਕਿਰਿਆ ਵੀ 3 ਅਗਸਤ ਤੱਕ ਪੂਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਦਾਅਵੇ ਅਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ ਤੱਕ ਪ੍ਰਾਪਤ ਕੀਤੇ ਜਾਣਗੇ। ਨੋਟਿਸ ਪੜਾਅ, ਦਾਅਵੇ ਅਤੇ ਇਤਰਾਜ਼ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਹੋਵੇਗੀ। ਗੁਲਪ੍ਰੀਤ ਸਿੰਘ ਔਲਖ ਨੇ ਅੱਗੇ ਕਿਹਾ ਕਿ ਹਰ ਯੋਗ ਨਾਗਰਿਕ ਦਾ ਵੋਟਰ ਸੂਚੀ ਵਿੱਚ ਸਹੀ ਅਤੇ ਸਮੇਂ ਸਿਰ ਨਾਮ ਦਰਜ ਹੋਣਾ ਮਜ਼ਬੂਤ ਲੋਕਤੰਤਰ ਦੀ ਨੀਂਹ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੀ.ਐੱਲ.ਓ ਨੂੰ ਪੂਰਾ ਸਹਿਯੋਗ ਦੇਣ, ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਉਪਲੱਬਧ ਕਰਵਾਉਣ ਅਤੇ ਨਿਰਧਾਰਿਤ ਮਿਆਦ ਅੰਦਰ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾ ਕੇ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਸਫ਼ਲ ਬਣਾਉਣ। ਇਸ ਤੋਂ ਇਲਾਵਾ ਐੱਸ.ਆਈ.ਆਰ ਸਬੰਧੀ ਕਿਸੇ ਵੀ ਜਾਣਕਾਰੀ, ਸਹਾਇਤਾ ਜਾਂ ਸ਼ਿਕਾਇਤ ਲਈ ਜ਼ਿਲ੍ਹਾ ਚੋਣ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਚੋਣ ਕਮਿਸ਼ਨ ਦੇ ਟੋਲ-ਫ਼ਰੀ ਨੰਬਰ 1950 ‘ਤੇ ਕਾਲ ਕਰਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਕਰਨਾਣਾ ਵਲੋਂ ਔਰਤਾਂ ਤੇ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਅਰਬ ਦੇਸ਼ਾਂ ਵਰਗਾ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।