ਨਵਾਂਸ਼ਹਿਰ, 29 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਆਮ ਆਦਮੀ ਆਰੋਗਿਆ ਕੇਂਦਰ ਕਿਸ਼ਨਪੁਰਾ ਵਿਖੇ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਗਿਆ। ਇਸ ਮੌਕੇ ਆਯੂਸ਼ਮਾਨ ਆਰੋਗਿਆ ਕੇਂਦਰ ਕਿਸ਼ਨਪੁਰਾ ਦੀ ਕਮਿਊਨਟੀ ਹੈਲਥ ਅਫ਼ਸਰ ਡਾ. ਹਰਦੀਪ ਕੌਰ ਨੇ ਆਮ ਲੋਕਾਂ ਨੂੰ ਹੈਪੇਟਾਈਟਿਸ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਿਗਰ ਨੂੰ ਪ੍ਰਭਾਵਿਤ ਕਰਨ ਵਾਲੀ ਗੰਭੀਰ ਬਿਮਾਰੀ ਹੈ, ਜਿਸ ਤੋਂ ਸਮੇਂ ਸਿਰ ਜਾਂਚ, ਸੁਰੱਖਿਅਤ ਜੀਵਨਸ਼ੈਲੀ, ਸਾਫ਼-ਸੁਥਰੇ ਭੋਜਨ ਅਤੇ ਪਾਣੀ ਦੀ ਵਰਤੋਂ ਅਤੇ ਟੀਕਾਕਰਨ ਰਾਹੀਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਿਸ-ਬੀ ਅਤੇ ਸੀ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੰਬੇ ਸਮੇਂ ਤੱਕ ਥਕਾਵਟ, ਪੀਲੀਆ, ਭੁੱਖ ਨਾ ਲੱਗਣਾ, ਪੇਟ ਦਰਦ ਜਾਂ ਹੋਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਜਾਂਚ ਕਰਵਾਈ ਜਾਵੇ। ਇਸ ਦੌਰਾਨ ਹਾਜ਼ਰ ਲੋਕਾਂ ਨੂੰ ਹੈਪੇਟਾਈਟਿਸ ਤੋਂ ਬਚਾਅ ਸਬੰਧੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।