04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਦੀ ਨਹੀਂ ਹੋ ਸਕੀ ਚੋਣ

ਅਜੀਤ ਡੈਸਕ 31-07-2026
ਨਵਾਂਸ਼ਹਿਰ, 30 ਜੁਲਾਈ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)- ਹਾਈਕੋਰਟ ਦੇ ਹੁਕਮਾਂ ਅਨੁਸਾਰ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਤੇ ਦੂਸਰੇ ਅਹੁਦੇਦਾਰਾਂ ਦੀ ਚੋਣ ਲਈ 30 ਜੁਲਾਈ ਨੂੰ ਬਾਅਦ ਦੁਪਹਿਰ ਤਿੰਨ ਵਜੇ ਦਾ ਸਮਾਂ ਮਿਥਿਆ ਗਿਆ ਸੀ। ਸਵੇਰ ਤੋਂ ਹੀ ਨਗਰ ਕੌਂਸਲ ਦਫ਼ਤਰ ਦੁਆਲੇ ਪੰਜਾਬ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹੋਏ ਸਨ। ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਦੇ ਨੌਂ ਦੇ ਨੌਂ ਮੈਂਬਰ ਪੌਣੇ ਤਿੰਨ ਵਜੇ ਨਗਰ ਕੌਂਸਲ ਦਫ਼ਤਰ ਪਹੁੰਚ ਗਏ ਸਨ। ਸਬੰਧਤ ਚੋਣ ਅਧਿਕਾਰੀ ਵੀ ਮੌਕੇ ‘ਤੇ ਆਪਣੀ ਮਜਬੂਰੀ ਦੱਸ ਕੇ ਦਫ਼ਤਰੋਂ ਬਾਹਰ ਨਿਕਲ ਗਿਆ। ਚੋਣ ਅਬਜ਼ਰਵਰ ਅਤੇ ਚੋਣ ਅਧਿਕਾਰੀ ਸ਼ਹਿਰ ਦੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਹੈ, ਦਾ ਹਵਾਲਾ ਦੇ ਕੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਕਾਂਗਰਸ ਦੇ ਜਿੱਤੇ ਹੋਏ ਕੌਂਸਲਰ ਦੇਰ ਸ਼ਾਮ ਤੱਕ ਦਫ਼ਤਰ ਨਗਰ ਕੌਂਸਲ ਨਵਾਂਸ਼ਹਿਰ ਦੇ ਦਫ਼ਤਰ ਬੈਠੇ ਚੋਣ ਅਧਿਕਾਰੀ ਦੀ ਉਡੀਕ ਕਰਦੇ ਰਹੇ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਸਰਕਾਰ ਵਲੋਂ ਸਾਜਸ਼ੀ ਢੰਗ ਨਾਲ਼ ਚੋਣ ਅਮਲ ਨੂੰ ਅੱਗੇ ਪਾ ਦਿਤੇ ਜਾਣ ਵਿਰੁੱਧ ਚੰਡੀਗੜ੍ਹ ਚੌਂਕ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਧਰਨਾ ਦੇ ਦਿਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਨਵਾਂਸ਼ਹਿਰ ਨਗਰ ਕੌਂਸਲ ਦੇ 19 ਮੈਂਬਰਾਂ ਵਿੱਚ ਕਾਂਗਰਸ ਪਾਰਟੀ 9, ਆਮ ਆਦਮੀ ਪਾਰਟੀ-6, ਸ਼੍ਰੋਮਣੀ ਅਕਾਲੀ ਦਲ-2, ਬਹੁਜਨ ਸਮਾਜ ਪਾਰਟੀ-1 ਤੇ ਆਜ਼ਾਦ-1 ਉਮੀਦਵਾਰ ਚੋਣ ਜਿੱਤੇ ਹੋਏ ਹਨ। ਹਲਕਾ ਵਿਧਾਇਕ ਨਛੱਤਰ ਪਾਲ ਤੇ ਹਲਕੇ ਦੇ ਮੈਂਬਰ ਪਾਰਲੀਮੈਂਟ ਨੂੰ ਇੱਕ ਇੱਕ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਵਿਧਾਇਕ ਤੇ ਮੈਂਬਰ ਪਾਰਲੀਮੈਂਟ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਨਹੀਂ ਪਹੁੰਚੇ। ਸਾਬਕਾ ਵਿਧਾਇਕ ਅੰਗਦ ਸਿੰਘ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਧੱਕਾ ਪ੍ਰਵਾਨ ਨਹੀਂ ਕਰਨਗੇ। ਨਗਰ ਕੌਂਸਲ ਦੀਆਂ ਚੋਣਾਂ ਨੂੰ ਹੋਇਆਂ ਲੰਬਾ ਸਮਾਂ ਬੀਤ ਜਾਣ ‘ਤੇ ਵੀ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਨਾ ਕਰਵਾਉਣ ਕਾਰਨ ਉਹਨਾਂ ਨੂੰ ਅਦਾਲਤ ਦਾ ਬੂਹਾ ਖੜਕਾਉਣਾ ਪਿਆ ਸੀ।
ਪਿਛਲੀ ਖ਼ਬਰ ਬਠਿੰਡਾ ’ਚ ਬੰਦ ਨੂੰ ਭਰਵਾਂ ਹੁੰਗਾਰਾ, ਸੜਕਾਂ ’ਤੇ ਗਰਜੇ ਸਫ਼ਾਈ ਸੇਵਕ ਅਤੇ ਭਰਾਤਰੀ ਜਥੇਬੰਦੀਆ ਮੁੱਖ ਮੰਤਰੀ ਦਾ ਪੁਤਲਾ ਸ... ਅਗਲੀ ਖ਼ਬਰ ਕੇਂਦਰੀ ਸਹਿਕਾਰੀ ਬੈਂਕ ਬਲਾਚੌਰ ਹੜਤਾਲ ਕਾਰਨ ਬੰਦ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।