ਨਵਾਂਸ਼ਹਿਰ, 31 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਵਾਤਾਵਰਣ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਕਾਰਜਸ਼ੀਲ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਅਮਰ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਮੌਕੇ ਬੂਟੇ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਿਆਲਾ ਨਹਿਰ ਤੋਂ ਕਰਿਆਮ ਨੂੰ ਜਾਂਦੀ ਸੜਕ ਦੇ ਕਿਨਾਰੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਅਤੇ ਕੈਸ਼ੀਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਲੱਖਾਂ ਹੀ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਵਿੱਚੋਂ ਇੱਕ ਲਾਸਾਨੀ ਸ਼ਹਾਦਤ ਅਮਰ ਸ਼ਹੀਦ ਊਧਮ ਸਿੰਘ ਦੀ ਹੈ, ਜਿਨ੍ਹਾਂ ਨੇ 1919 ਦੇ ਜਲ੍ਹਿਆਂਵਾਲਾ ਗੋਲੀ ਕਾਂਡ ਵਿੱਚ ਹਜ਼ਾਰਾਂ ਹੀ ਨਿਹੱਥੇ ਅਤੇ ਬੇਕਸੂਰ ਲੋਕਾਂ ਨੂੰ ਮਾਰਨ ਦਾ ਹੁਕਮ ਦੇਣ ਵਾਲੇ ਓਡਵਾਇਰ ਨੂੰ 21 ਸਾਲ ਬਾਅਦ ਲੰਡਨ ਵਿੱਚ ਜਾ ਕੇ ਲਲਕਾਰ ਕੇ ਮੌਤ ਦੇ ਘਾਟ ਉਤਾਰਿਆ। ਸਮੇਂ ਦੀ ਮੰਗ ਹੈ ਕਿ ਬੱਚਿਆਂ ਨੂੰ ਦੇਸ਼ ਭਗਤ ਕ੍ਰਾਂਤੀਕਾਰੀਆਂ ਵਲੋਂ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਮਾਨਵਤਾ ਦੀ ਭਲਾਈ ਲਈ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਗਲੋਬਲ ਵਾਰਮਿੰਗ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਗਲੋਬਲ ਵਾਰਮਿੰਗ ਕਾਰਨ ਦੁਨੀਆਂ ਭਰ ਵਿੱਚ ਗਰਮੀ ਵੱਧਦੀ ਜਾ ਰਹੀ ਹੈ। ਇਸ ਨਾਲ ਗਲੇਸ਼ੀਅਰ ਪਿਘਲਣ ਕਰਕੇ ਸਮੁੰਦਰ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਸਮੁੰਦਰ ਦੇ ਕੰਢੇ ਸਥਿਤ ਬਹੁਤ ਸਾਰੇ ਦੇਸ਼ਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ। ਗਰਮੀ ਦੀ ਤਪਸ਼ ਨੂੰ ਘਟਾਉਣ ਲਈ ਧਰਤੀ ਉੱਪਰ ਹਰਿਆਲੀ ਨੂੰ ਵਧਾਉਣ ਲਈ ਉਪਰਾਲੇ ਕਰਨਾ ਵੀ ਸਮਾਜ ਅਤੇ ਦੇਸ਼ ਪ੍ਰਤੀ ਪਿਆਰ ਦੀ ਨਿਸ਼ਾਨੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਅਤੇ ਜਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣੇ ਚਾਹੀਦੇ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਕੈਸ਼ੀਅਰ ਕੁਲਦੀਪ ਕੁਮਾਰ, ਅਰੁਣ ਕੁਮਾਰ ਬਾਲੀ, ਹਰਮੇਸ਼ ਸਿੰਘ, ਅਮਰਜੀਤ, ਤਰਲੋਚਨ ਆਦਿ ਹਾਜ਼ਰ ਸਨ।