ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਮਨਪ੍ਰੀਤ ਸਿੰਘ)-ਆਯੂਸ਼ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਮੰਜੂ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਯੂਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 357 ਮਰੀਜ਼ਾਂ ਦਾ ਹੋਮਿਉਪੈਥੀ ਅਤੇ 344 ਮਰੀਜ਼ਾਂ ਦਾ ਆਯੂਰਵੈਦਿਕ ਦਵਾਈਆਂ ਨਾਲ ਮੁਫ਼ਤ ਇਲਾਜ ਕੀਤਾ ਗਿਆ | ਇਸ ਤਰ੍ਹਾਂ ਕੈਂਪ ਵਿਚ ਕੁੱਲ 701 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਮਨਵਿੰਦਰ ਕੌਰ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਹੋਮਿਉਪੈਥੀ ਅਤੇ ਆਯੁਰਵੈਦਿਕ ਪ੍ਰਣਾਲੀ ਬਾਰੇ ਜਾਗਰੂਕ ਕਰਨਾ ਅਤੇ ਪ੍ਰਣਾਲੀ ਨੂੰ ਅਪਣਾਉਣ ਵਾਲੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨਾ ਹੈ, ਕਿਉਂਕਿ ਇਹ ਪ੍ਰਣਾਲੀ ਪੁਰਾਣੇ ਰੋਗਾਂ ਲਈ ਰਾਮ ਬਾਣ ਸਿੱਧ ਹੁੰਦੀ ਹੈ ਅਤੇ ਇਹ ਪ੍ਰਣਾਲੀ ਅਪਨਾ ਕੇ ਰੋਗਾਂ ਨੂੰ ਜੜ ਤੋਂ ਠੀਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ, ਸ਼ੂਗਰ ਤੋਂ ਪੀੜਿਤ ਮਰੀਜ਼ਾਂ, ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਅਤੇ ਚਮੜੀ ਰੋਗ ਦੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ | ਇਸ ਮੌਕੇ ਤੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਪ੍ਰਤਿਭਾ ਸ਼ਰਮਾ, ਡਾ. ਦਲਜੀਤ ਸਿੰਘ, ਡਾ. ਰਮਾ, ਡਾ. ਨੀਲ ਕਮਲ, ਡਿਸਪੈਂਸਰ ਪਰਮਜੀਤ ਕੌਰ, ਚਮਕੌਰ ਸਿੰਘ, ਜਤਿੰਦਰ ਸਿੰਘ, ਪ੍ਰੀਤੀ ਜੈਦਕਾ ਉਪ ਵੈਦ ਨੇ ਵੀ ਆਪੋ ਆਪਣੀ ਡਿਊਟੀ ਨਿਭਾਈ |