ਖਮਾਣੋਂ, 14 ਫਰਵਰੀ (ਮਨਮੋਹਣ ਸਿੰਘ ਕਲੇਰ)-ਤਹਿਸੀਲ ਦਫ਼ਤਰ ਖਮਾਣੋਂ ਵਿਖੇ ਲੁਧਿਆਣਾ ਨਾਲ ਸਬੰਧਿਤ 18 ਵਸੀਕੇ ਵਗੈਰ ਐਨ.ਓ.ਸੀ ਲਗਾ ਕੇ ਤਸਦੀਕ ਕਰਨ ਦੇ ਕਥੀਤ ਦੋਸ਼ ਹੇਠ ਮੁਅੱਤਲ ਕੀਤੇ ਗਏ ਰਮਨਦੀਪ ਕੌਰ ਤਹਿਸੀਲਦਾਰ ਖਮਾਣੋਂ ਦੇ ਮਾਮਲੇ 'ਚ ਆਮ ਲੋਕਾਂ 'ਚ ਇਸ ਗੱਲ ਦੀ ਮੰਗ ਉੱਠ ਰਹੀ ਹੈ ਕਿ ਇਸ ਮਾਮਲੇ ਦੀ ਵਿਆਪਕ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਾਮਲਾ ਇਕੱਲੇ ਲੁਧਿਆਣੇ ਨਾਲ ਨਾ ਜੁੜਿਆ ਹੋਣ ਦੀ ਬਜਾਏ ਖਮਾਣੋਂ ਨਾਲ ਵੀ ਜੁੜਿਆ ਹੋਇਆ ਯਕੀਨੀ ਹੈ | ਲੋਕਾਂ 'ਚ ਚਰਚਾ ਹੈ ਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਇਸ ਅਧਿਕਾਰੀ ਦੀ ਇੱਥੇ ਤਾਇਨਾਤੀ ਹੋਈ ਹੈ, ਉਸ ਦੌਰਾਨ ਖਮਾਣੋਂ ਕਲਾਂ ਅਤੇ ਖਮਾਣੋਂ ਖ਼ੁਰਦ ਨਾਲ ਸਬੰਧਿਤ ਜ਼ਿਆਦਾਤਰ ਵਸੀਕੇ, ਜਿਨ੍ਹਾਂ ਨੂੰ ਉਕਤ ਸ਼ਰਤ ਤਹਿਤ ਹੀ ਤਸਦੀਕ ਕੀਤਾ ਜਾ ਸਕਦਾ ਸੀ, ਉਹ ਵਗੈਰ ਐਨ.ਓ.ਸੀ. ਦੇ ਤਸਦੀਕ ਕੀਤੇ ਗਏ ਹਨ | ਚਰਚਾ ਤਾਂ ਇਹ ਹੈ ਕਿ ਇਕ ਵਸੀਕੇ ਦਾ ਭਾਅ ਪੰਦਰਾਂ ਹਜ਼ਾਰ ਤੋਂ ਸ਼ੁਰੂ ਹੋ ਕੇ ਵੱਡੀ ਸਿੰਖਆਂ 'ਚ ਪਹੰੁਚਿਆ ਹੋਇਆ ਸੀ | ਜਿਸ ਕਰਕੇ ਅਜਿਹੀ ਲੁੱਟ ਨੂੰ ਇਕ ਲੁਧਿਆਣਾ ਨਾਲ ਸਬੰਧਿਤ ਵਕੀਲ ਵਲੋਂ ਸਰਕਾਰ ਤੱਕ ਪਹੁੰਚ ਕਰਕੇ ਇਹ ਇਕ ਲੋਕ ਹਿੱਤ ਕੰਮ ਕੀਤਾ ਹੈ | ਜਿਕਰਯੋਗ ਹੈ, ਕਿ ਇਸ ਤੋਂ ਪਹਿਲਾ ਵੀ ਕਿਸੇ ਵਿਅਕਤੀ ਨੇ ਇਨ੍ਹਾਂ ਵਸੀਕਿਆਂ ਸਬੰਧੀ ਸੂਚਨਾ ਐਕਟ ਤਹਿਤ ਜਾਣਕਾਰੀ ਮੰਗੀ ਸੀ | ਪਰ ਇਸ ਅਧਿਕਾਰੀ ਨੇ ਜਵਾਬੀ ਪੱਤਰ 'ਚ ਲਿਖਿਆ ਸੀ ਕਿ ਇਹ ਵਸੀਕੇ ਕਿਸੇ ਦੇ ਨਿੱਜੀ ਹੁੰਦੇ ਹਨ, ਇਸ ਲਈ ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਅਤੇ ਤੁਸੀਂ ਸੁਵਿਧਾ ਕੇਂਦਰ 'ਚ ਬਾਕਾਇਦਾ ਫ਼ੀਸ ਭਰ ਕੇ ਇਹ ਵਸੀਕੇ ਪ੍ਰਾਪਤ ਕਰ ਸਕਦੇ ਹੋ | ਲੋਕਾਂ 'ਚ ਚਰਚਾ ਹੈ ਕਿ ਸਰਕਾਰ ਅਜਿਹੇ ਅਧਿਕਾਰੀਆਂ ਖ਼ਿਲਾਫ਼ ਛੋਟੀ-ਮੋਟੀ ਕਾਰਵਾਈ ਕਰਕੇ ਮਾਮਲਾ ਰਫਾ ਦਫ਼ਾ ਕਰ ਦਿੰਦੀ ਹੈ, ਇਸ ਲਈ ਹੁਣ ਦੇਖਣਾ ਹੋਵੇਗਾ ਕਿ ਅਸਲ 'ਚ ਇਸ ਮਾਮਲੇ ਦੀਆਂ ਪਰਤਾਂ ਹਿੱਲਦੀਆਂ ਹਨ ਜਾਂ ਕੁਝ ਦਿਨ ਚਰਚਾ ਉਪਰੰਤ ਫਿਰ ਤੋਂ ਸਭ ਕੁਝ ਆਮ ਹੋ ਜਾਵੇਗਾ |