ਪਟਿਆਲਾ, 28 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਮਿਸਲ ਸਤਲੁਜ ਜਥੇਬੰਦੀ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਅਲਾਲ ਵਲੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੀ ਅਕਾਦਮਿਕ ਕੌਂਸਲ ਵਲੋਂ ਸੰਸਥਾ ਦੇ ਸਿਰਲੇਖ ਵਿਚੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ਹਟਾਉਣ ਸੰਬੰਧੀ ਕੀਤੀ ਗਈ ਸਿਫਾਰਸ਼ ਦਾ ਸਵਾਗਤ ਕਰਦਿਆਂ ਇਸ ਨੂੰ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ 2 ਨਵੰਬਰ 2025 ਨੂੰ ਉਨ੍ਹਾਂ ਵਲੋਂ ਯੂਨੀਵਰਸਿਟੀ ਦੇ ਬਾਹਰ ਨਾਮ ਬਦਲਣ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕੀਤਾ ਗਿਆ ਸੀ | ਇਸ ਉਪਰੰਤ 3 ਨਵੰਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਵੀ ਯੂਨੀਵਰਸਿਟੀ ਦੇ ਨਾਮ ਵਿਚੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਮੰਗ ਕੀਤੀ ਗਈ ਸੀ | ਯਾਦੂ ਨੇ ਕਿਹਾ ਕਿ ਨਵੰਬਰ 1984 ਵਿਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨਾਂ ਨਾਲ ਜੁੜੇ ਵਿਅਕਤੀ ਦੇ ਨਾਮ ਉੱਤੇ ਇੱਕ ਸਿੱਖਿਆ ਸੰਸਥਾ ਦਾ ਨਾਮ ਰੱਖਣਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ | ਡਾ. ਐਂਤਪਾਲ ਸਿੰਘ ਬਰਾੜ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਦੇ ਨਾਂ ਉੱਤੇ ਕਾਨੂੰਨ ਦੀ ਯੂਨੀਵਰਸਿਟੀ ਬਣਾਉਣਾ ਨਿਆਂ ਪ੍ਰਣਾਲੀ ਨਾਲ ਤਮਾਸ਼ਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਦੀ ਇੱਜਤ ਉਸ ਵੇਲੇ ਕਾਇਮ ਰਹਿੰਦੀ ਹੈ ਜਦੋਂ ਨਿਆਂ ਸਿਰਫ਼ ਕਿਤਾਬਾਂ ਵਿਚ ਨਹੀਂ, ਸਗੋਂ ਪ੍ਰਤੀਕਾਂ ਅਤੇ ਫੈਸਲਿਆਂ ਵਿਚ ਵੀ ਨਜ਼ਰ ਆਵੇ | ਇਸ ਮੌਕੇ ਸੁਪਿੰਦਰ ਸਿੰਘ, ਲਾਡੀ, ਹਰਵਿੰਦਰ ਸਿੰਘ, ਗੁਰਵੀਰ ਸਿੰਘ, ਮਨਪ੍ਰੀਤ ਸਿੰਘ ਆਦਿ ਮੌਜੂਦ ਸਨ |