ਖਮਾਣੋਂ, 28 ਫਰਵਰੀ (ਜੋਗਿੰਦਰ ਪਾਲ)-ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਗਰੀਬ ਦਾਸ ਦੇ ਬੋਧ ਦਿਵਸ ਸਮਾਗਮ ਮੌਕੇ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਰਕਾਰੀ ਹਸਪਤਾਲ ਬਲੱਡ ਬੈਂਕ ਰੋਪੜ ਦੇ ਸਹਿਯੋਗ ਨਾਲ ਦੋ ਖ਼ੂਨਦਾਨ ਕੈਂਪ ਲਗਾਏ ਗਏ | ਇਹ ਲਗਾਤਾਰ 23ਵਾਂ ਖ਼ੂਨਦਾਨ ਕੈਂਪ ਲਗਾ ਕੇ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਗਿਆ ਹੈ | ਜਿਸ ਵਿਚ 101 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ | ਸੰਤ ਰਾਮਪਾਲ ਨੇ ਵਰਚੂਅਲ ਸਤਿਸੰਗ ਕਰਦੇ ਹੋਏ ਕਿਹਾ ਕਿ ਇਹ ਸੰਸਾਰ ਅਤੇ ਮਨੁੱਖੀ ਜੀਵਨ ਅਸਥਾਈ ਹੈ | ਇਸ ਨੂੰ ਪਰਮਾਰਥ ਲਈ ਸਮਰਪਿਤ ਕਰਦੇ ਹੋਏ ਸਤਿ ਭਗਤੀ ਅਤੇ ਮਾਨਵ ਭਲਾਈ ਲਈ ਲਗਾਉਣਾ ਚਾਹੀਦਾ ਹੈ | ਇਸ ਮੌਕੇ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਨੇ ਕਿਹਾ ਕਿ ਸੰਤ ਰਾਮਪਾਲ ਦਾ ਸੰਦੇਸ਼ ਹੈ ਕਿ ਖ਼ੂਨਦਾਨ ਜੀਵਨ ਨੂੰ ਬਚਾਉਣ ਦਾ ਸਭ ਤੋਂ ਵੱਡਾ ਕਾਰਜ ਹੈ ਅਤੇ ਜਦੋਂ ਇਹ ਕਾਰਜ ਕਿਸੇ ਮਹਾਨ ਸੰਤ ਦੀ ਪ੍ਰੇਰਨਾ ਹੇਠ ਅਧਿਆਤਮਿਕ ਦਿ੍ਸ਼ਟੀਕੋਣ ਨਾਲ ਲੋਕ ਰਲ ਕੇ ਕਰਦੇ ਹਨ ਤਾਂ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੰਤ ਰਾਮਪਾਲ ਉਪਦੇਸ਼ ਦਿੰਦੇ ਹਨ ਕਿ ਸਾਨੂੰ ਆਪਣਾ ਤਨ, ਮਨ ਮਨੁੱਖਤਾ ਦੀ ਸੇਵਾ ਅਤੇ ਭਲਾਈ ਲਈ ਸਮਰਪਿਤ ਕਰ ਦੇਣਾ ਚਾਹੀਦਾ ਹੈ, ਇਸੇ ਪ੍ਰੇਰਨਾ ਨਾਲ ਉਨ੍ਹਾਂ ਦੇ ਅਨੁਆਈ ਖ਼ੂਨਦਾਨ, ਅੱਖਾਂ ਦਾਨ ਅਤੇ ਸਰੀਰ ਦਾਨ ਆਦਿ ਵਰਗੀਆਂ ਪਰਉਪਕਾਰੀ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ | ਸਮਾਗਮ ਦੇ ਦੂਸਰੇ ਦਿਨ ਅੱਜ ਸੱਤ ਜੋੜਿਆਂ ਦੇ ਦਹੇਜ ਰਹਿਤ ਵਿਆਹ ਆਯੋਜਿਤ ਕੀਤੇ ਗਏ | ਇਸ ਮੌਕੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸੰਤ ਰਾਮਪਾਲ ਅਤੇ ਸਤਲੋਕ ਆਸ਼ਰਮ ਖਮਾਣੋਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿੱਥੇ ਇਸ ਆਸ਼ਰਮ ਵਲੋਂ ਵੱਡੀ ਗਿਣਤੀ ਵਿਚ ਖ਼ੂਨਦਾਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਉੱਥੇ ਲੋਕਾਂ ਨੂੰ ਖ਼ੂਨਦਾਨ ਅਤੇ ਦੇਹਦਾਨ ਆਦਿ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ | ਕਿਸੇ ਐਮਰਜੈਂਸੀ ਸਮੇਂ ਵੀ ਇਨ੍ਹਾਂ ਵਲੋਂ ਲੋੜਵੰਦਾਂ ਨੂੰ ਖ਼ੂਨਦਾਨ ਕੀਤਾ ਜਾਂਦਾ ਹੈ |