ਫ਼ਤਹਿਗੜ੍ਹ ਸਾਹਿਬ, 28 ਫਰਵਰੀ (ਬਲਜਿੰਦਰ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਜ਼ਿਲੇ੍ਹ ਵਿਚ ਲਗਪਗ 84700 ਹੈਕਟੇਅਰ ਰਕਬੇ ਵਿਚ ਕਣਕ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿਚ ਵਾਧਾ ਵੇਖਣ ਵਿਚ ਆਇਆ ਹੈ ਅਤੇ ਕਣਕ ਦੇ ਦਾਣੇ ਭਰਨ ਸਮੇਂ ਵੱਧ ਰਹੇ ਤਾਪਮਾਨ ਤੋਂ ਫ਼ਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਣ ਦੀ ਲੋੜ ਹੈ | ਕਣਕ ਦੀ ਫ਼ਸਲ ਜਦੋਂ ਗੋਭ ਅਵਸਥਾ ਵਿਚ ਹੋਵੇ ਤਾਂ ਗਰਮ ਤਾਪਮਾਨ ਤੋਂ ਬਚਾਉਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਣਕ ਦੀ ਫ਼ਸਲ 'ਤੇ ਕੀਤਾ ਜਾ ਸਕਦਾ ਹੈ, ਭਾਵ 4 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪਹਿਲਾ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਬੂਰ ਪੈਣ ਸਮੇਂ ਕੀਤਾ ਜਾ ਸਕਦਾ ਹੈ, ਜਿਸ ਨਾਲ ਕਣਕ ਦੇ ਝਾੜ 'ਤੇ ਤਾਪਮਾਨ ਦਾ ਅਸਰ ਘੱਟ ਹੋਵੇਗਾ ਅਤੇ ਫ਼ਸਲ ਦੀ ਉਪਜ ਵਧੀਆ ਹੋਵੇਗੀ | ਉਨ੍ਹਾਂ ਦੱਸਿਆ ਕਿ ਕਿਸਾਨ ਰੋਜ਼ਾਨਾ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਗਰਮੀ ਦੇ ਪ੍ਰਭਾਵ ਤੋਂ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ | ਕਣਕ ਦੇ ਸਿੱਟੇ ਨਿਕਲਣ ਸਮੇਂ ਅਤੇ ਪੱਕਣ ਸਮੇਂ ਗਰਮੀ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬਹੁਤ ਮਹੱਤਤਾ ਹੈ, ਇਸ ਲਈ ਕਿਸਾਨ ਕਣਕ ਦੀ ਫ਼ਸਲ ਨੂੰ ਗਿੱਲੇ ਵੱਤਰ 'ਤੇ ਹੀ ਪਾਣੀ ਲਗਾਉਣ, ਕਿਉਂਕਿ ਜੇਕਰ ਵੰਤਰ ਸੁਕਾ ਕੇ ਪਾਣੀ ਲਾਇਆ ਗਿਆ ਤਾਂ ਹਲਕੀ ਜਿਹੀ ਹਵਾ ਦੇ ਨਾਲ ਫ਼ਸਲ ਡਿੱਗ ਪੈਂਦੀ ਹੈ ਅਤੇ ਝਾੜ ਘੱਟ ਜਾਂਦਾ ਹੈ | ਇਸ ਲਈ ਫ਼ਸਲ ਨੂੰ ਹਲਕਾ ਪਾਣੀ ਦੇਣਾ ਲਾਹੇਵੰਦ ਹੋਵੇਗਾ ਅਤੇ ਪਾਣੀ ਦੇਣ ਸਮੇਂ ਹਵਾ ਦਾ ਰੁਖ਼ ਵੇਖਣਾ ਵੀ ਜ਼ਰੂਰੀ ਹੈ |