ਖਮਾਣੋਂ, 28 ਫਰਵਰੀ (ਜੋਗਿੰਦਰ ਪਾਲ)-ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਸੰਤ ਗਰੀਬ ਦਾਸ ਦਾ ਬੋਧ ਦਿਵਸ ਸਮਾਗਮ ਸ਼ਰਧਾਪੂਰਵਕ ਸੰਪੰਨ ਹੋਇਆ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਦੇ ਹੋਏ ਸੰਤ ਰਾਮਪਾਲ ਨੇ ਕਿਹਾ ਕਿ ਪ੍ਰਮਾਤਮਾ ਸੁੱਖ ਦਾ ਸਾਗਰ ਹੈ ਅਤੇ ਉਸ ਦੀ ਸਤਿ ਭਗਤੀ ਕਰਨ ਨਾਲ ਪਾਪ ਕਰਮਾਂ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੂਰਣ ਬ੍ਰਹਮ ਕਬੀਰ ਸਾਹਿਬ ਜੀ ਸੰਤ ਗਰੀਬ ਦਾਸ ਨੂੰ ਪਿੰਡ ਛੁਡਾਣੀ ਜ਼ਿਲ੍ਹਾ ਝੱਜਰ ਹਰਿਆਣਾ ਵਿਖੇ ਆ ਕੇ ਮਿਲੇ | ਉਨ੍ਹਾਂ ਦੀ ਕਿਰਪਾ ਨਾਲ ਸੰਤ ਗਰੀਬ ਦਾਸ ਨੇ ਅਨਮੋਲ ਅੰਮਿ੍ਤਬਾਣੀ ਬੋਲੀ, ਜਿਸ ਨਾਲ ਪ੍ਰਮਾਤਮਾ ਦੀ ਪਰਿਭਾਸ਼ਾ ਦਾ ਉਨ੍ਹਾਂ ਦੇ ਸਵਰੂਪ ਦਾ ਅਤੇ ਉਨ੍ਹਾਂ ਦੇ ਸੱਚੇ ਨਾਮ ਦਾ ਗਿਆਨ ਹੋਇਆ | ਸਤਲੋਕ ਆਸ਼ਰਮ ਦੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸੰਤ ਰਾਮਪਾਲ ਅਧਿਆਤਮਿਕ ਗਿਆਨ ਦੇ ਉਤਥਾਨ ਦੇ ਨਾਲ-ਨਾਲ ਸਮਾਜ ਵਿਚ ਫੈਲੀਆਂ ਕੁਰੀਤੀਆਂ, ਨਸ਼ੇ ਆਦਿ ਦੇ ਕੋਹੜ ਨੂੰ ਖ਼ਤਮ ਕਰਨ ਲਈ ਦਿਨ-ਰਾਤ ਯਤਨਸ਼ੀਲ ਹਨ | ਉਨ੍ਹਾਂ ਵਲੋਂ ਖ਼ੂਨਦਾਨ, ਦੇਹਦਾਨ ਅਤੇ ਨੇਤਰਦਾਨ ਆਦਿ ਦੀ ਪੇ੍ਰਰਨਾ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਵਾਤਾਵਰਨ ਸੰਭਾਲ, ਲੋੜਵੰਦਾਂ ਦੀ ਮਦਦ ਅਤੇ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ | ਇਸ ਸਮਾਗਮ ਵਿਚ ਸਾਰੇ ਪਵਿੱਤਰ ਧਰਮਾਂ ਦੇ ਸਦਗ੍ਰੰਥਾਂ ਅਤੇ ਸੰਤ ਗਰੀਬ ਦਾਸ ਦੇ ਜੀਵਨ ਨੂੰ ਦਰਸਾਉਂਦੀ ਹੋਈ ਅਧਿਆਤਮਿਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਤਿੰਨੇ ਦਿਨ ਸ਼ੁੱਧ ਦੇਸੀ ਘਿਓ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ |