ਫ਼ਤਹਿਗੜ੍ਹ ਸਾਹਿਬ, 28 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵਲੋਂ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ 'ਰਿਵਿਊ ਕੁਐਸਟ, ਕਿਤਾਬ ਸਮੀਖਿਆ ਮੁਕਾਬਲੇ' ਕਰਵਾਏ ਗਏ | ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਨੂੰ ਉਜਾਗਰ ਕਰਨਾ ਅਤੇ ਆਲੋਚਨਾਤਮਿਕ ਢੰਗ ਨਾਲ ਆਪਣੀ ਸੂਝ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ ਸੀ | ਇਸ ਮੁਕਾਬਲੇ ਵਿਚ ਕੁੱਲ 39 ਵਿਦਿਆਰਥੀਆਂ ਨੇ ਭਾਗ ਲਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸੂਚਨਾ-ਤਕਨਾਲੋਜੀ ਯੁੱਗ ਵਿਚ ਅਜਿਹੇ ਸਿੱਖਿਆ ਭਰਪੂਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਮੁੜ ਕਿਤਾਬਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਉਨ੍ਹਾਂ ਦੇ ਵਿੱਦਿਅਕ ਤੇ ਵਿਹਾਰਕ ਗਿਆਨ ਵਿਚ ਵਾਧਾ ਕਰਨ ਵਿਚ ਵੀ ਸਹਾਇਕ ਸਿੱਧ ਹੁੰਦੇ ਹਨ | ਵਿਭਾਗ ਮੁਖੀ ਪ੍ਰੋ. ਰਾਜਿੰਦਰ ਕੌਰ ਮਾਨ ਨੇ ਵਿਦਿਆਰਥੀਆਂ ਦੀ ਮੁਕਾਬਲੇ ਵਿਚ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਲੋਚਨਾਤਮਿਕ ਤੌਰ 'ਤੇ ਪੁਸਤਕਾਂ ਪੜ੍ਹਨ ਦੇ ਤਰੀਕੇ ਬਾਰੇ ਵੀ ਮਾਰਗਦਰਸ਼ਨ ਕੀਤਾ | ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਹਰਬੀਰ ਕੌਰ ਅਤੇ ਪ੍ਰੋ. ਮਨਮੀਤ ਕੌਰ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ | ਇਸ ਮੁਕਾਬਲੇ ਦੀ ਅੰਤਿਮ ਪੇਸ਼ਕਾਰੀ ਲਈ ਕੁੱਲ 11 ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਸ 'ਚੋਂ ਐਮ.ਏ. ਅੰਗਰੇਜ਼ੀ ਭਾਗ ਦੂਸਰਾ ਦੀ ਸਿਮਰਨਜੀਤ ਕੌਰ ਅਤੇ ਬੀ.ਏ. ਆਨਰਜ਼ ਭਾਗ ਦੂਸਰਾ ਦੀ ਖੁਸ਼ਸੀਰਤ ਕੌਰ ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਪ੍ਰਕਾਰ ਬੀ.ਏ. ਆਨਰਜ਼ ਭਾਗ ਤੀਸਰਾ ਦੀ ਜਸ਼ਨਪ੍ਰੀਤ ਕੌਰ ਨੇ ਦੂਸਰਾ ਅਤੇ ਬੀ.ਏ. ਆਨਰਜ਼ ਭਾਗ ਪਹਿਲਾ ਦੀ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਸਮਾਗਮ ਦੇ ਅਖੀਰ ਵਿਚ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਰਚਨਾਤਮਿਕ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਭਾਗ ਦੇ ਡਾ. ਗੌਰੀ ਹਾਂਡਾ, ਪ੍ਰੋ. ਬ੍ਰਹਮਜੋਤ ਕੌਰ, ਪ੍ਰੋ. ਭਾਗਵਿੰਦਰ ਕੌਰ, ਪ੍ਰੋ. ਰੁਪਿੰਦਰ ਕੌਰ ਰਿਆ, ਪ੍ਰੋ. ਮਨਜੋਤ ਕੌਰ, ਪ੍ਰੋ. ਅੰਮਿ੍ਤ ਕੌਰ, ਪ੍ਰੋ. ਹਰਸੁਮੀਤ ਸਿੰਘ, ਪ੍ਰੋ. ਸਹਿਜਦੀਪ ਕੌਰ, ਪ੍ਰੋ. ਦਿਸ਼ਾ, ਪ੍ਰੋ. ਸੁਮਨਜੀਤ ਕੌਰ ਅਤੇ ਪ੍ਰੋ. ਰੁਪਿੰਦਰ ਕੌਰ ਹਾਜ਼ਰ ਸਨ |