04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜ਼ਿਲ੍ਹਾ ਪੁਲਿਸ ਨੇ ਕਰੀਬ 70 ਲੱਖ ਰੁਪਏ ਕੀਮਤ ਦੇ ਚੋਰੀ ਤੇ ਗੁੰਮ ਹੋਏ 300 ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ

ਅਜੀਤ ਡੈਸਕ 04-03-2026
ਫ਼ਤਹਿਗੜ੍ਹ ਸਾਹਿਬ, 3 ਮਾਰਚ (ਬਲਜਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਜਿੱਥੇ ਸਮਾਜ ਦੇ ਭੈੜੇ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਡੱਕ ਰਹੀ ਹੈ, ਉੱਥੇ ਹੀ ਪੁਲਿਸ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ | ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕਪਤਾਨ ਪੁਲਿਸ ਫ਼ਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਅੱਜ ਪੁਲਿਸ ਲਾਈਨ ਮਹਾਂਦੀਆਂ ਵਿਖੇ ਜ਼ਿਲ੍ਹਾ ਪੁਲਿਸ ਦੁਆਰਾ ਬਰਾਮਦ ਕੀਤੇ ਗਏ ਚੋਰੀ ਅਤੇ ਗੁੰਮ ਹੋਏ ਕਰੀਬ 70 ਲੱਖ ਰੁਪਏ ਦੀ ਕੀਮਤ ਦੇ 300 ਮੋਬਾਈਲ ਅਸਲ ਮਾਲਕਾਂ ਨੂੰ ਸੌਂਪਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਅਗਰਵਾਲ ਨੇ ਦੱਸਿਆ ਕਿ ਤਕਨੀਕੀ ਸੈੱਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਵੱਖ-ਵੱਖ ਥਾਵਾਂ ਤੋਂ ਗੁੰਮ ਅਤੇ ਚੋਰੀ ਹੋਏ ਮੋਬਾਈਲ ਫ਼ੋਨ, ਜਿਨ੍ਹਾਂ ਵਿਚ 17 ਆਈਫੋਨ ਅਤੇ 283 ਐਂਡਰੋਆਇਡ ਫ਼ੋਨ ਸ਼ਾਮਿਲ ਹਨ, ਬਰਾਮਦ ਕੀਤੇ ਹਨ, ਜੋ ਮੋਬਾਈਲਾਂ ਦੇ ਮਾਲਕਾਂ ਨੂੰ ਵਾਪਸ ਦੇਣ ਲਈ ਪੁਲਿਸ ਲਾਈਨ ਬੁਲਾਇਆ ਗਿਆ ਹੈ ਅਤੇ ਪੁਲਿਸ ਲੋਕਾਂ ਨੂੰ 24 ਘੰਟੇ ਪਾਰਦਰਸ਼ੀ ਸੇਵਾਵਾਂ ਦੇਣ ਲਈ ਤਾਇਨਾਤ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਟੈਕਨੀਕਲ ਸੈੱਲ ਨੇ 'ਸੀ.ਈ.ਆਈ.ਆਰ' ਪੋਰਟਲ ਅਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਇਹ ਫ਼ੋਨ ਬਰਾਮਦ ਕੀਤੇ ਹਨ | ਅਗਰਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਬਾਈਲ ਗੁੰਮ ਹੋਣ ਦੀ ਸੂਰਤ ਵਿਚ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਜਾ ਕੇ ਰਿਪੋਰਟ ਦਰਜ ਕਰਵਾਈ ਜਾਵੇ ਅਤੇ ਉਹ ਰਿਪੋਰਟ 'ਸੀ.ਈ.ਆਈ.ਆਰ' ਪੋਰਟਲ 'ਤੇ ਦਰਜ ਕਰਵਾਉਣ | ਇਸ ਮੌਕੇ ਆਪਣੇ ਗੁਆਚੇ ਹੋਏ ਫ਼ੋਨ ਮਿਲਣ ਤੋਂ ਬਾਅਦ ਲੋਕਾਂ ਵਿਚ ਖ਼ੁਸ਼ੀ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਫ਼ਤਹਿਗੜ੍ਹ ਸਾਹਿਬ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ | ਇਸ ਮੌਕੇ 'ਤੇ ਡੀ.ਐਸ.ਪੀ ਕੁਲਵੀਰ ਸਿੰਘ ਸੰਧੂ ਤੋਂ ਇਲਾਵਾ ਚੋਰੀ ਤੇ ਗੁੰਮ ਹੋਏ ਮੋਬਾਈਲਾਂ ਦੇ ਅਸਲ ਮਾਲਕ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਐਸ.ਪੀ. ਨਵਦੀਪ ਸਿੰਘ ਨੇ ਵਿਜੀਲੈਂਸ ਬਿਊਰੋ ਯੂਨਿਟ ਫ਼ਤਹਿਗੜ੍ਹ ਸਾਹਿਬ ਦਾ ਵਾਧੂ ਚਾਰਜ ਸੰਭਾਲਿਆ ਅਗਲੀ ਖ਼ਬਰ ਰਿਮਟ ਦੀਆਂ ਵਿਦਿਆਰਥਣਾਂ ਨੇ ਕਿਚਨ ਚੈਂਪੀਅਨਸ਼ਿਪ ਦੇ ਗ੍ਰੈਂਡ ਫਿਨਾਲੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।