ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ (ਬਲਜਿੰਦਰ ਸਿੰਘ)-ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ ਖੇੜਾ ਦੇ ਪਿੰਡ ਭਗੜਾਣਾ ਵਿਖੇ ਕਾਂਗਰਸੀ ਵਰਕਰਾਂ ਨਾਲ ਇਕ ਮਹੱਤਵਪੂਰਨ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਸਿਰਫ਼ ਝੂਠੇ ਦਾਅਵੇ ਅਤੇ ਪ੍ਰਚਾਰ ਹੀ ਕੀਤਾ ਹੈ | ਸ. ਨਾਗਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਅਜੇ ਵੀ ਕਾਗ਼ਜ਼ਾਂ ਤੱਕ ਸੀਮਿਤ ਹਨ, ਜਦਕਿ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ 'ਤੇ ਵੀ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਨੌਜਵਾਨ ਪੀੜ੍ਹੀ ਨਸ਼ਿਆਂ ਦੀ ਚਪੇਟ ਵਿਚ ਆ ਰਹੀ ਹੈ, ਪਰ ਸਰਕਾਰ ਕੋਲ ਇਸ ਨੂੰ ਰੋਕਣ ਲਈ ਕੋਈ ਢੁੱਕਵੀ ਯੋਜਨਾ ਨਹੀਂ ਹੈ | ਸ. ਨਾਗਰਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੀ ਆਈ ਹੈ ਅਤੇ ਅੱਗੇ ਵੀ ਲੜਦੀ ਰਹੇਗੀ | ਇਸ ਮੌਕੇ ਬਲਾਕ ਪ੍ਰਧਾਨ ਖੇੜਾ ਗੁਰਬਰਿੰਦਰ ਸਿੰਘ ਭਗੜਾਣਾ, ਬਲਾਕ ਸੰਮਤੀ ਮੈਂਬਰ ਦਵਿੰਦਰ ਕੌਰ ਭਗੜਾਣਾ, ਭਾਗ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਪੰਚ, ਮੇਜਰ ਸਿੰਘ, ਗੁਰਜੰਟ ਸਿੰਘ, ਸੱਜਣ ਸਿੰਘ, ਨਾਹਰ ਸਿੰਘ, ਨੈਬ ਸਿੰਘ ਅਤੇ ਭਰਪੂਰ ਸਿੰਘ ਆਦਿ ਹਾਜ਼ਰ ਸਨ |