ਮੰਡੀ ਗੋਬਿੰਦਗੜ੍ਹ, 30 ਅਪ੍ਰੈਲ (ਰਾਜੇਸ਼ ਸ਼ਰਮਾ)-ਲੋਹਾ ਨਗਰੀ ਵਿਚ 1 ਮਈ ਨੂੰ ਹੋਣ ਵਾਲੀ ਇੰਡਸਟਰੀਅਲ ਮੀਟ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਆਪਣੀ ਟੀਮ ਸਮੇਤ ਸਮਾਗਮ ਸਥਾਨ ਮਹਾਰਾਜਾ ਅਗਰਸੇਨ ਭਵਨ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨੇ ਆਯੋਜਕਾਂ ਪ੍ਰਦੀਪ ਗਰਗ, ਦੇਵੀ ਦਿਆਲ ਪਰਾਸ਼ਰ ਅਤੇ ਸੁਭਾਸ਼ ਸਿੰਗਲਾ ਨੂੰ ਜ਼ਰੂਰੀ ਹੁਕਮ ਜਾਰੀ ਕੀਤੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਬਿਨਾਂ ਪ੍ਰਮਾਣਿਤ ਸੂਚੀ ਤੋਂ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਦੇ ਨਜ਼ਦੀਕ ਜਾਣ ਦੀ ਆਗਿਆ ਨਹੀਂ ਹੋਵੇਗੀ | ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਗਮ ਦੌਰਾਨ ਆਉਣ ਵਾਲੇ ਲੋਕਾਂ ਦੀ ਐਂਟਰੀ ਅਤੇ ਬੈਠਕ ਦੀ ਢੰਗ ਨਾਲ ਵਿਵਸਥਾ ਕਰਨ ਲਈ ਵੀ ਕਿਹਾ | ਜਾਣਕਾਰੀ ਮੁਤਾਬਿਕ, ਇਹ ਇੰਡਸਟਰੀਅਲ ਮੀਟ 1 ਮਈ ਨੂੰ ਦੁਪਹਿਰ 2 ਵਜੇ ਮਹਾਰਾਜਾ ਅਗਰਸੇਨ ਭਵਨ ਵਿਚ ਹੋ ਰਹੀ ਹੈ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਦਯੋਗਪਤੀਆਂ ਅਤੇ ਲੋਹਾ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨਗੇ | ਇਸ ਮੌਕੇ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਆਯੋਜਕਾਂ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਜੀ.ਐਸ.ਟੀ. ਦੇ ਭੁਗਤਾਨ ਤੋਂ ਨਹੀਂ, ਸਗੋਂ ਅਧਿਕਾਰੀਆਂ ਦੇ ਮਨਮਾਨੀ ਰਵੱਈਏ ਤੋਂ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਸਾਰੀਆਂ ਐਸੋਸੀਏਸ਼ਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜੀ.ਐਸ.ਟੀ. ਨਾਲ ਸੰਬੰਧਿਤ ਮੁੱਦਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ. ਵਿਕਰਮਜੀਤ ਸਿੰਘ ਘੁੰਮਣ, ਇੰਸਪੈਕਟਰ ਅੰਮਿ੍ਤਵੀਰ ਸਿੰਘ, ਰਾਜੀਵ ਵਰਮਾ, ਰਾਕੇਸ਼ ਸਿੰਗਲਾ ਅਤੇ ਪੁਨੀਤ ਮਾਹਵਰ ਸਮੇਤ ਹੋਰ ਹਾਜ਼ਰ ਸਨ |