ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਜ਼ਿਲਾ ਜਥੇਬੰਦੀ ਵਲੋਂ ਜ਼ਿਲਾ ਪ੍ਰਧਾਨ ਅਜੈ ਲਿਬੜਾ ਦੀ ਅਗਵਾਈ ਦੇ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖ਼ਿਲਾਫ਼ ਵਿਸ਼ਵਕਰਮਾ ਚੌਂਕ ਸਰਹਿੰਦ ਵਿਖੇ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਜਿੱਥੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿਰੋਧੀ ਹੋਣ ਦੀ ਜ਼ੋਰਦਾਰ ਅਲੋਚਨਾ ਕੀਤੀ ਗਈ | ਇਸ ਮੌਕੇ ਧਰਨੇ ਚ ਹਲਕਾ ਫ਼ਤਹਿਗੜ ਸਾਹਿਬ ਦਾ ਵਿਧਾਇਕ ਲਖਵੀਰ ਸਿੰਘ ਰਾਏ, ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵਿੰਗ ਸਮੇਤ ਸੈਂਕੜਿਆਂ ਦੀ ਗਿਣਤੀ 'ਚ 'ਆਪ' ਵਲੰਟੀਅਰਾਂ ਦੁਆਰਾ ਸ਼ਮੂਲੀਅਤ ਕੀਤੀ ਗਈ | ਉਨਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਸੌੜੀ ਰਾਜਨੀਤੀ 'ਤੇ ਉਤਰ ਆਈ ਹੈ | ਜਿਸ ਦੁਆਰਾ ਪਿਛਲੇ ਦਿਨੀਂ ਪੰਜਾਬ ਦੇ ਛੇ ਰਾਜ ਸਭਾ ਮੈਂਬਰਾਂ ਨੂੰ ਡਰਾ ਕੇ ਭਾਜਪਾ ਵਿਚ ਸ਼ਾਮਿਲ ਕੀਤਾ ਗਿਆ, ਤੇ ਹੁਣ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਡਰਾਉਣ ਦੇ ਲਈ ਈ.ਡੀ. ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਇਨਾਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਇਨਾਂ ਵਲੋਂ ਕੀਤੇ ਜਾ ਰਹੇ ਧੱਕੇ ਦਾ ਜਵਾਬ ਦੁੱਗਣਾ ਕਰਕੇ ਮੋੜਨਗੇ | ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ, ਇਨਾਂ ਵਲੋਂ ਬਣਾਈਆਂ ਗਈਆਂ ਨੀਤੀਆਂ ਹਮੇਸ਼ਾ ਪੰਜਾਬ ਦੇ ਉਲਟ ਰਹੀਆਂ ਹਨ | ਉਨਾਂ ਕਿਹਾ ਕਿ ਕੇਂਦਰ ਵਲੋਂ ਪਹਿਲਾਂ ਤਿੰਨ ਕ੍ਰਿਸ਼ੀ ਕਾਨੂੰਨ ਲਿਆ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਬਰਬਾਦ ਕਰਨ ਦੇ ਲਈ ਜੋ ਨੀਤੀ ਬਣਾਈ ਗਈ ਸੀ, ਉਸ ਨੂੰ ਪੰਜਾਬ ਦੀ ਕਿਸਾਨੀ ਨੇ 750 ਕੁਰਬਾਨੀਆਂ ਦੇ ਕੇ ਆਪਣੇ ਪਿੰਡੇ ਤੇ ਹੰਢਾਇਆ | ਜਿਸ ਕਾਰਨ ਮਜਬੂਰ ਹੋਈ, ਕੇਂਦਰ ਸਰਕਾਰ ਨੂੰ ਤਿੰਨੋਂ ਕਿ੍ਸ਼ੀ ਕਾਨੂੰਨ ਵਾਪਸ ਲੈਣੇ ਪਏ ਸਨ ਅਤੇ ਫਿਰ ਪੰਜਾਬ ਤੋਂ ਚੰਡੀਗੜ ਖੋਹਣ ਦੇ ਲਈ ਯਤਨ ਕੀਤੇ ਗਏ, ਇਥੋਂ ਤੱਕ ਕਿ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਚੰਡੀਗੜ ਦੇ ਵਿਚ ਥਾਂ ਵੀ ਦਿੱਤੀ ਗਈ ਤੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੇ ਲਈ ਭਾਖੜਾ ਮੈਨੇਜਮੈਂਟ ਬੋਰਡ ਦੇ ਵਿਚ ਦਖ਼ਲਅੰਦਾਜ਼ੀ ਕੀਤੀ ਗਈ | ਉਨਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਅੰਦਰ ਆਏ ਹੜਾਂ ਦੇ ਵਿਚ ਕੇਂਦਰ ਸਰਕਾਰ ਦੁਆਰਾ ਬਿਆਨਬਾਜ਼ੀ ਤੋਂ ਇਲਾਵਾ ਕੁਝ ਨਹੀਂ ਦਿੱਤਾ ਗਿਆ ਤੇ ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਦੀ ਬਾਂਹ ਫੜੀ ਗਈ | ਧਰਨੇ ਦੀ ਸਮਾਪਤੀ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਆਪਣੀਆਂ ਮਾੜੀਆਂ ਚਾਲਾਂ ਤੋਂ ਬਾਜ਼ ਨਾ ਆਈ ਤਾਂ ਫਿਰ 'ਆਪ' ਦੁਆਰਾ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ., ਯੂਥ ੇ ਪ੍ਰਧਾਨ ਦਿਲਪ੍ਰੀਤ ਭੱਟੀ, ਅਮਲੋਹ ਦੀ ਚੇਅਰਮੈਨ ਸੁਖਵਿੰਦਰ ਕੌਰ ਗਹਿਲੋਤ, ਕੁਲਵਿੰਦਰ ਡੇਰਾ, ਅਮਰਿੰਦਰ ਸਿੰਘ ਮਡੋਫਲ, ਪ੍ਰਧਾਨ ਰਾਜੇਸ਼ ਉੱਪਲ, ਪ੍ਰਧਾਨ ਗੁਰਵੀਰ ਸਿੰਘ ਜੱਲਾ, ਐਡ. ਗੁਰਮੀਤ ਸਿੰਘ ਬਾਜਵਾ, ਇਸਤਰੀ ਵਿੰਗ ਦੀ ਪ੍ਰਧਾਨ ਐਡ. ਰੀਨਾ ਰਾਣੀ, ਲਖਵਿੰਦਰ ਜਾਗੋ, ਗੁਰਮੇਲ ਪੰਡਰਾਲੀ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਰਮੇਸ਼ ਕੁਮਾਰ ਸੋਨੂੰ, ਡਾ. ਚਮਨ ਕੁਰੈਸ਼ੀ, ਗੁਰਮੀਤ ਸਿੰਘ, ਨਵਦੀਪ ਨਬੀ, ਬਲਦੇਵ ਸਿੰਘ, ਬਲਜਿੰਦਰ ਗੋਲਾ, ਅਸੀਸ ਅੱਤਰੀ, ਮਨਪ੍ਰੀਤ ਕੌਰ, ਜਗਰੂਪ ਸਿੰਘ ਨੰਬਰਦਾਰ, ਮਨਪ੍ਰੀਤ ਜੋਨੀ, ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿਚ ਪਾਰਟੀ ਦੇ ਵਰਕਰ ਤੇ ਪਿੰਡਾਂ ਦੇ ਪੰਚ ਸਰਪੰਚ ਵੀ ਮੌਜੂਦ ਸਨ |