12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭੱਠਾ ਮਜ਼ਦੂਰ ਆਪਣੇ ਹੱਕਾਂ ਸੰਬੰਧੀ 19 ਨੂੰ ਡੀ.ਸੀ. ਦਫ਼ਤਰ ਵਿਖੇ ਕਰਨਗੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 18-05-2026
ਫ਼ਤਹਿਗੜ੍ਹ ਸਾਹਿਬ, 17 ਮਈ (ਮਨਪ੍ਰੀਤ ਸਿੰਘ)-ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਰੋਜ਼ਾ ਸ਼ਰੀਫ਼ ਵਿਖੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟਧਰਮੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲੇ੍ਹ ਦੇ ਭੱਠਾ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਭੱਠਾ ਮਜ਼ਦੂਰਾਂ ਨਾਲ ਹੋ ਰਹੇ ਆਰਥਿਕ ਸ਼ੋਸ਼ਣ, ਘੱਟੋ-ਘੱਟ ਉਜ਼ਰਤਾਂ ਨਾ ਮਿਲਣ ਅਤੇ ਮਜ਼ਦੂਰਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਣ ਦੇ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਕਈ ਅਹਿਮ ਫ਼ੈਸਲੇ ਲਏ ਗਏ | ਮੀਟਿੰਗ ਨੂੰ ਸੰਬੋਧਨ ਕਰਦਿਆਂ, ਸੰਗਰੂਰ ਜ਼ਿਲੇ੍ਹ ਦੇ ਪ੍ਰਧਾਨ ਦਿਲਵਰ ਖਾਂ ਨੇ ਕਿਹਾ ਕਿ ਪੰਜਾਬ ਭਰ ਦੇ ਭੱਠਾ ਮਜ਼ਦੂਰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਆਪਣੇ ਬਣਦੇ ਕਾਨੂੰਨੀ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਢਿੱਲੀ ਨੀਤੀ ਕਾਰਨ ਮਜ਼ਦੂਰਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਰਤ ਕਮਿਸ਼ਨਰ ਵਲੋਂ ਜਾਰੀ ਘੱਟੋ-ਘੱਟ ਉਜਰਤ ਰੇਟ ਲਿਸਟ ਅਨੁਸਾਰ ਭੱਠਿਆਂ 'ਤੇ ਕੱਚੀ ਇੱਟ ਭਰਾਈ ਕਰਨ ਵਾਲੇ ਮਜ਼ਦੂਰਾਂ ਦੀ ਉਜਰਤ 312.42 ਰੁਪਏ ਪ੍ਰਤੀ ਇਕ ਹਜ਼ਾਰ ਇਟ ਨਿਰਧਾਰਿਤ ਕੀਤੀ ਗਈ ਹੈ, ਪਰ ਜ਼ਿਆਦਾਤਰ ਭੱਠਾ ਮਾਲਕ ਮਜ਼ਦੂਰਾਂ ਨੂੰ ਸਿਰਫ਼ 220 ਤੋਂ 230 ਰੁਪਏ ਪ੍ਰਤੀ ਹਜ਼ਾਰ ਇੱਟ ਦੇ ਰਹੇ ਹਨ, ਜੋ ਕਿ ਕਾਨੂੰਨ ਦੀ ਸਿੱਧੀ ਉਲੰਘਣਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭੱਠਾ ਮਾਲਕਾਂ ਵਲੋਂ ਮਜ਼ਦੂਰਾਂ ਦੇ ਹਾਜ਼ਰੀ ਰਿਕਾਰਡ ਅਤੇ ਤਨਖ਼ਾਹ ਰਜਿਸਟਰ ਵੀ ਠੀਕ ਢੰਗ ਨਾਲ ਨਹੀਂ ਰੱਖੇ ਜਾ ਰਹੇ | ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਪੀਣ ਵਾਲਾ ਸਾਫ਼ ਪਾਣੀ, ਟਾਇਲਟ, ਫਸਟ ਏਡ ਅਤੇ ਹੋਰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਆਪਣੇ ਬਣਦੇ ਕਾਨੂੰਨੀ ਹੱਕਾਂ ਅਤੇ ਘੱਟੋ-ਘੱਟ ਉਜ਼ਰਤਾਂ ਦੀ ਪ੍ਰਾਪਤੀ ਲਈ 19 ਮਈ ਦਿਨ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਭੱਠਾ ਮਜ਼ਦੂਰ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਸਮੇਤ ਸ਼ਾਮਿਲ ਹੋਣਗੇ | ਇਸ ਮੌਕੇ ਵਸ਼ੀਰ ਖਾਂ, ਸਰਾਜ ਖਾਂ ਬਾਗੜੀਆਂ, ਮੇਜਰ ਖਾਂ, ਬਿੰਦਰ ਖਾਂ, ਮੇਜਰ ਸਿੰਘ ਮਲਕੋਮਾਜਰਾ, ਨਾਜ਼ਰ ਖਾਂ, ਸਰਾਜ ਖਾਂ ਸੁਲਤਾਨਪੁਰ, ਬੂਟਾ ਖਾਂ, ਦਿਲਵਰ ਖਾਂ ਸੌਟੀ, ਕਾਕਾ ਬੇਰੜਾ, ਮਨੀ ਮਹੇਸ਼ਪੁਰਾ, ਨਾਜ਼ਰ ਖਾਂ ਜਹਾਂਗੀਰ, ਕਾਲਾ ਖਾਂ ਘਨੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੋ੍ਰ.ਅ.ਦਲ ਨੂੰ ਹਲਕਾ ਬਸੀ ਪਠਾਣਾਂ 'ਚ ਮਜ਼ਬੂਤ ਕਰਨ ਲਈ ਐਸ.ਓ.ਆਈ. ਪ੍ਰਧਾਨ ਢਿੱਲੋਂ ਵਲੋਂ ਮੀਟਿੰਗ ਅਗਲੀ ਖ਼ਬਰ ਗੁਰੂ ਘਰਾਂ 'ਚ ਯੋਗਾ ਕਰਵਾਉਣ ਦੇ ਮਾਮਲੇ ਸੰਬੰਧੀ ਭਾਈ ਰਿਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।