ਖਮਾਣੋਂ, 17 ਮਈ (ਜੋਗਿੰਦਰ ਪਾਲ)-ਸਰਵਹਿਤਕਾਰੀ ਵਿੱਦਿਆ ਮੰਦਿਰ ਖਮਾਣੋਂ ਵਿਖੇ ਭਗਤ ਗੁਰੂ ਰਵਿਦਾਸ ਅਤੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਗੁਰਪ੍ਰੀਤ ਕੌਰ ਵਲੋਂ ਦੀਪ ਜਗਾ ਕੇ ਕੀਤੀ ਗਈ | ਵਿਦਿਆਰਥੀਆਂ ਵਲੋਂ ਭਗਤ ਗੁਰੂ ਰਵਿਦਾਸ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ, ਆਦਰਸ਼ਾਂ ਅਤੇ ਸਮਾਜ ਤੇ ਰਾਸ਼ਟਰ ਪ੍ਰਤੀ ਉਨਾਂ ਦੇ ਯੋਗਦਾਨ ਨਾਲ ਸੰਬੰਧਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਕਵਿਤਾਵਾਂ, ਪ੍ਰੇਰਣਾ ਦਾਇਕ ਭਜਨ ਅਤੇ ਭਗਤ ਗੁਰੂ ਰਵਿਦਾਸ ਦੇ ਦੋਹੇ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਭਾਰਤੀ ਏਕਤਾ ਦਿਵਸ ਦੇ ਸੰਬੰਧ ਵਿਚ ਵਿਦਿਆਰਥੀਆਂ, ਅਧਿਆਪਕਾਂ, ਪਿ੍ੰਸੀਪਲ ਵਲੋਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਦੀ ਸਹੁੰ ਚੁੱਕੀ ਗਈ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਇਨਾਂ ਮਹਾਨ ਹਸਤੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਮਹਾਨ ਪੁਰਖਾਂ ਦਾ ਜੀਵਨ ਸਾਨੂੰ ਸਚਾਈ, ਮਿਹਨਤ, ਸਮਾਨਤਾ, ਏਕਤਾ ਅਤੇ ਰਾਸ਼ਟਰ ਸੇਵਾ ਦਾ ਰਾਹ ਦਿਖਾਉਂਦਾ ਹੈ | ਉਨਾਂ ਕਿਹਾ ਕਿ ਸਾਨੂੰ ਉਨਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਇੱਕ ਚੰਗਾ ਨਾਗਰਿਕ ਬਣਨ ਦਾ ਯਤਨ ਕਰਨਾ ਚਾਹੀਦਾ ਹੈ | ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਭਾਗ ਲਿਆ |