ਅਮਲੋਹ, 17 ਮਈ (ਹਰਪ੍ਰੀਤ ਸਿੰਘ ਗਿੱਲ)-6 ਮਈ ਤੋਂ ਹੜਤਾਲ ਤੇ ਚੱਲ ਰਹੇ ਸਫ਼ਾਈ ਸੇਵਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਅੱਜ ਭਾਵੇਂ ਕਈ ਪੱਧਰਾਂ 'ਤੇ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਪਰ ਦੋਵੇਂ ਧਿਰਾਂ ਲੰਬੀ ਗੱਲਬਾਤ ਤੋਂ ਬਾਅਦ ਵੀ ਕਿਸੇ ਸਾਰਥਿਕ ਨਤੀਜੇ 'ਤੇ ਨਹੀਂ ਪਹੁੰਚ ਸਕੀਆਂ ਜਿਸ ਕਾਰਨ ਇਸ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਗਲ਼ੀਆਂ ਵਿਚ ਖਿਲਾਰੇ ਗਏ ਕੂੜੇ ਕਾਰਨ ਪੈਦਾ ਹੋਈ ਸਥਿਤੀ ਬੇਹੱਦ ਚਿੰਤਾਜਨਕ ਬਣ ਗਈ ਹੈ, ਜਿਸ ਨਾਲ ਨਾ ਸਿਰਫ਼ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਸ਼ਹਿਰ ਵਿਚ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਦਾ ਖ਼ਦਸ਼ਾ ਵੀ ਪੈਦਾ ਹੋ ਗਿਆ ਹੈ | ਅੱਜ ਸਫ਼ਾਈ ਕਰਮਚਾਰੀ ਯੂਨੀਅਨ ਅਮਲੋਹ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਫ਼ੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਪ ਮੰਡਲ ਪੱਧਰ ਤੇ ਐਸ.ਡੀ.ਐਮ ਤੇ ਜ਼ਿਲਾ ਪੱਧਰ ਤੇ ਡਿਪਟੀ ਕਮਿਸ਼ਨਰ ਨਾਲ ਅੱਜ ਹੋਈਆਂ ਮੀਟਿੰਗਾਂ ਵਿਚ ਉਨਾਂ ਨੂੰ ਅੱਧ ਪਚਦੀਆਂ ਮੰਗਾਂ ਮੰਨਣ ਤੇ ਬਾਕੀਆਂ ਨੂੰ ਜਲਦੀ ਪੂਰਾ ਕਰਨ ਦੇ ਲਾਰੇ ਲਗਾਏ ਜਾ ਰਹੇ ਸਨ ਜਿਨਾਂ ਨੂੰ ਨਕਾਰਦੇ ਹੋਏ ਉਨਾਂ ਉਸ ਸਮੇਂ ਤੱਕ ਹੜਤਾਲ ਜਾਰੀ ਰੱਖਣ ਦਾ ਅਲਟੀਮੇਟਮ ਦੇ ਦਿੱਤਾ ਜਦੋਂ ਤੱਕ ਉਨਾਂ ਨੂੰ ਰੈਗੂਲਰ ਕਰਕੇ ਸਾਰੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ | ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਦੀਆਂ ਮੰਗਾਂ ਲਈ ਟਾਲ-ਮਟੋਲ ਦੀ ਨੀਤੀ ਜਾਰੀ ਰੱਖੀ ਤਾਂ 20 ਮਈ ਨੂੰ ਉਹ ਹਲਕਾ ਵਿਧਾਇਕ, ਸਾਰੇ ਕੌਂਸਲਰ ਐਸ.ਡੀ.ਐਮ. ਦੇ ਦਫ਼ਤਰ ਅੱਗੇ ਕੂੜੇ ਦੇ ਵੱਡੇ ਡੰਪ ਲੱਗਾ ਕੇ ਉਨਾਂ ਦੇ ਸਾਰੇ ਪ੍ਰਵੇਸ ਦਵਾਰ ਬੰਦ ਕਰ ਦੇਣਗੇ | ਅੱਜ ਜਦੋਂ ਇਸ ਮਾਮਲੇ ਸਬੰਧੀ ਆਮ ਲੋਕਾਂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਰਮਚਾਰੀਆਂ ਵਲੋਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨਾ ਉਨਾਂ ਦਾ ਜਮਹੂਰੀ ਹੱਕ ਹੈ, ਪ੍ਰੰਤੂ ਰੋਸ ਪ੍ਰਦਰਸ਼ਨ ਲਈ ਸ਼ਹਿਰ ਵਿਚ ਕੂੜਾ ਖਿਲਾਰਨ ਦਾ ਤਰੀਕਾ ਠੀਕ ਨਹੀਂ ਕਿਉਂਕਿ ਇਸ ਨੇ ਆਮ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ | ਸ਼ਹਿਰ ਦੇ ਸੂਝਵਾਨ ਲੋਕਾਂ ਅਤੇ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਉਾਂ ਦੀ ਹਮਦਰਦੀ ਹਮੇਸ਼ਾ ਸਫ਼ਾਈ ਸੇਵਕਾਂ ਦੇ ਨਾਲ ਹੈ ਅਤੇ ਉਹ ਉਨਾਂ ਦੀਆਂ ਹੱਕੀ ਮੰਗਾਂ ਦਾ ਸਮਰਥਨ ਕਰਦੇ ਹਨ, ਪਰ ਜਨਤਕ ਥਾਵਾਂ 'ਤੇ ਕੂੜਾ ਸੁੱਟ ਕੇ ਸ਼ਹਿਰ ਨੂੰ ਮੁਸ਼ਕਲ ਵਿਚ ਪਾਉਣਾ ਕਿਸੇ ਵੀ ਤਰਾਂ ਵਾਜਬ ਨਹੀਂ | ਅਜਿਹੇ ਐਕਸ਼ਨ ਨਾਲ ਸਫ਼ਾਈ ਕਰਮਚਾਰੀਆਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਹਮਦਰਦੀ ਦੀ ਜਗਾ ਵਿਰੋਧ ਅਤੇ ਰੋਸ ਪੈਦਾ ਹੋ ਰਿਹਾ ਹੈ, ਜਿਸ ਤੋਂ ਕਰਮਚਾਰੀ ਜਥੇਬੰਦੀਆਂ ਨੂੰ ਗੰਭੀਰਤਾ ਨਾਲ ਸੰਕੋਚ ਕਰਨਾ ਚਾਹੀਦਾ ਹੈ | ਸ਼ਹਿਰ ਦੇ ਕੁਝ ਬਜ਼ੁਰਗਾਂ ਨੇ ਇਸ ਮਾਮਲੇ ਸਬੰਧੀ ਗੱਲ ਕਰਦੇ ਹੋਏ ਦੱਸਿਆ ਕਿ ਸ਼ਹਿਰ ਨਿਵਾਸੀਆਂ ਅਤੇ ਸਫ਼ਾਈ ਸੇਵਕਾਂ ਦਾ ਆਪਸੀ ਰਿਸ਼ਤਾ ਨਹੁੰ-ਮਾਸ ਵਰਗਾ ਹੈ, ਜਿਸ ਵਿਚ ਕਿਸੇ ਵੀ ਤਰਾਂ ਦਾ ਟਕਰਾਅ ਦੋਵਾਂ ਧਿਰਾਂ ਦੇ ਹਿਤ ਵਿਚ ਨਹੀਂ ਹੈ | ਇਸ ਗੰਭੀਰ ਮੁੱਦੇ ਦੇ ਸਥਾਈ ਅਤੇ ਸਾਰਥਿਕ ਹੱਲ ਲਈ ਪ੍ਰਸ਼ਾਸਨ ਨੂੰ ਤੁਰੰਤ ਅੱਗੇ ਆਉਣ ਦੀ ਲੋੜ ਹੈ | ਨਰਕ ਵਰਗੀ ਸਥਿਤੀ ਵਿਚ ਦਿਨ ਕੱਟੀ ਕਰ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਇਸ ਸਮੱਸਿਆ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਕਦੇ ਵੀ ਕੋਈ ਅਜਿਹੀ ਸਮੱਸਿਆਵਾਂ ਪੈਦਾ ਹੀ ਨਾ ਹੋਵੇ |