ਨਾਭਾ, 3 ਜੂਨ (ਵਰਿੰਦਰ ਵਰਮਾ)-ਹਲਕਾ ਨਾਭਾ ਵਿਖੇ ਟਕਸਾਲੀ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ | ਇਸ ਮੀਟਿੰਗ ਦੌਰਾਨ ਬੀਤੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਸੰਬੰਧੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ ਉੱਥੇ ਹੀ ਬੈਠਕ ਦੌਰਾਨ ਚੋਣ ਨਤੀਜਿਆਂ, ਪਾਰਟੀ ਦੀ ਕਾਰਗੁਜ਼ਾਰੀ ਅਤੇ ਭਵਿੱਖ ਦੀ ਰਣਨੀਤੀ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਹਾਜ਼ਰ ਆਗੂਆਂ ਐਡਵੋਕੇਟ ਯੋਗੇਸ਼ ਖੱਤਰੀ, ਵਿਸ਼ਾਲ ਸ਼ਰਮਾ, ਰਾਮ ਕਿ੍ਸ਼ਨ ਭੱਲਾ, ਅਸ਼ਵਨੀ ਚੋਪੜਾ, ਜ਼ਿਲ੍ਹਾ ਮਹਾ ਮੰਤਰੀ ਗੌਰਵ ਜਲੌਟਾ, ਜਤਿੰਦਰ ਸ਼ਰਮਾ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਨੂੰ ਮਜ਼ਬੂਤ ਕਰਨ ਲਈ ਸਾਲਾਂ ਤੋਂ ਮਿਹਨਤ ਕਰ ਰਹੇ ਨਿਸ਼ਠਾਵਾਨ ਅਤੇ ਸਮਰਪਿਤ ਵਰਕਰਾਂ ਨੂੰ ਚੋਣਾਂ ਦੌਰਾਨ ਬਣਦਾ ਮਾਣ-ਸਨਮਾਨ ਨਹੀਂ ਮਿਲਿਆ | ਖ਼ਾਸ ਕਰਕੇ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੋਰ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਆਗੂਆਂ ਨੂੰ ਤਰਜੀਹ ਦੇਣ ਕਾਰਨ ਪੁਰਾਣੇ ਵਰਕਰਾਂ ਵਿਚ ਨਿਰਾਸ਼ਾ ਅਤੇ ਰੋਸ ਦੀ ਭਾਵਨਾ ਪੈਦਾ ਹੋਈ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਸਮੇਂ ਪਾਰਟੀ ਦੇ ਉਨ੍ਹਾਂ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਪਹਿਲ ਦਿੱਤੀ ਜਾਵੇ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਲਾਂ ਤੱਕ ਨਿਰੰਤਰ ਸੇਵਾ ਕੀਤੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਉਸ ਦੇ ਸਮਰਪਿਤ ਵਰਕਰ ਹਨ ਅਤੇ ਉਨ੍ਹਾਂ ਦੇ ਸਨਮਾਨ ਨੂੰ ਹਰ ਹਾਲ 'ਚ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ | ਮੀਟਿੰਗ ਦੇ ਅੰਤ 'ਚ ਇਹ ਸੰਕਲਪ ਲਿਆ ਗਿਆ ਕਿ ਭਾਵੇਂ ਕੁਝ ਫ਼ੈਸਲਿਆਂ ਨੂੰ ਲੈ ਕੇ ਵਰਕਰਾਂ ਵਿਚ ਨਾਰਾਜ਼ਗੀ ਹੈ, ਫਿਰ ਵੀ ਸਾਰੇ ਸਾਥੀ ਬੀਜੇਪੀ ਪਾਰਟੀ ਦੀ ਮਜ਼ਬੂਤੀ, ਲੋਕ ਸੇਵਾ ਅਤੇ ਸੰਗਠਨ ਦੇ ਵਿਸਥਾਰ ਲਈ ਇਕਜੁੱਟ ਹੋ ਕੇ ਕੰਮ ਕਰਦੇ ਰਹਿਣਗੇ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨਗੇ |