ਖਮਾਣੋਂ, 4 ਜੂਨ (ਜੋਗਿੰਦਰ ਪਾਲ)-ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ਼ਹਿਰ ਵਿਖੇ ਵਾਰਡ ਦੇ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਖਮਾਣੋਂ ਸ਼ਹਿਰ ਵਿਚ ਵੱਡੇ ਪੱਧਰ 'ਤੇ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾਣਗੇ ਅਤੇ ਉਨ੍ਹਾਂ ਸਮੂਹ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰਾਂ ਨੂੰ ਵਧਾਈ ਵੀ ਦਿੱਤੀ | ਰੁਪਿੰਦਰ ਸਿੰਘ ਹੈਪੀ ਅੱਜ ਖਮਾਣੋਂ ਵਿਖੇ ਵਾਰਡ ਨੰ. 9 ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਨੀਤਾ ਰਾਣੀ ਧਰਮ ਪਤਨੀ ਦਰਸ਼ਨ ਕੁਮਾਰ ਸੋਨੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਰਖਵਾਏ ਸਮਾਗਮ ਦੌਰਾਨ ਪਹੁੰਚੇ ਹੋਏ ਸਨ | ਇਸ ਦੌਰਾਨ ਉਨ੍ਹਾਂ ਖਮਾਣੋਂ ਦੇ 13 ਵਾਰਡਾਂ ਵਿਚੋਂ ਜੇਤੂ ਰਹੇ ਸਾਰੇ ਹੀ ਉਮੀਦਵਾਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਆਪੋ ਆਪਣੇ ਵਾਰਡਾਂ ਵਿਚ ਲੋਕਾਂ ਲਈ ਸੇਵਾ ਭਾਵਨਾ ਹਿਤ ਕੰਮ ਕਰਨ ਲਈ ਕਿਹਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਵਿਚ ਵੱਡੇ ਪੱਧਰ 'ਤੇ ਵਿਕਾਸ ਦੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਹਨਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ | ਇਸ ਮੌਕੇ ਵੱਡੀ ਗਿਣਤੀ ਵਿਚ ਖਮਾਣੋਂ ਸ਼ਹਿਰ, ਵੱਖ ਵੱਖ ਵਾਰਡਾਂ ਦੇ ਹੋਰ ਪਤਵੰਤੇ ਅਤੇ ਵਾਰਡ ਵਾਸੀ ਹਾਜ਼ਰ ਸਨ |