30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਡਾ. ਧਰਮਿੰਦਰ ਸਿੰਘ ਉੱਭਾ ਦੀ ਚੌਥੀ ਵਾਰਤਕ ਪੁਸਤਕ 'ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ' ਲੋਕ ਅਰਪਿਤ

ਅਜੀਤ ਡੈਸਕ 08-06-2026
ਫ਼ਤਹਿਗੜ੍ਹ ਸਾਹਿਬ, 7 ਜੂਨ (ਬਲਜਿੰਦਰ ਸਿੰਘ)-ਪ੍ਰਸਿੱਧ ਸਿੱਖਿਆ ਸ਼ਾਸਤਰੀ, ਸਾਹਿੱਤਕਾਰ ਅਤੇ ਪਿ੍ੰਸੀਪਲ, ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ, ਡਾ. ਧਰਮਿੰਦਰ ਸਿੰਘ ਉੱਭਾ ਦੀ ਚੌਥੀ ਵਾਰਤਕ ਪੁਸਤਕ 'ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ' ਅੱਜ ਬਨੇਰਾ ਬੈਂਕੁਇਟ, ਬੱਸੀ ਰੋਡ, ਸਰਹਿੰਦ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਿਤ ਕੀਤੀ ਗਈ | ਇਹ ਸਮਾਗਮ ਸਾਹਿਤ, ਸਿੱਖਿਆ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋਇਆ | ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਸੇਵਾ ਨਿਭਾਉਂਦੇ ਹੋਏ ਉਚੇਰੀ ਸਿੱਖਿਆ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਤਾਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਵਿਨੋਦ ਕੁਮਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਪਟੀ ਡਾਇਰੈਕਟਰ ਡਾ. ਕਸ਼ਮੀਰ ਸਿੰਘ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਪ੍ਰਗਟ ਕੀਤੇ | ਡਾ. ਜਗਤਾਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਆਧੁਨਿਕ ਮਨੁੱਖ ਨੂੰ ਸਕਾਰਾਤਮਿਕ ਸੋਚ, ਸ਼ੁਕਰਾਨੇ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ ਹੈ | ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਪੁਸਤਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਮਨੁੱਖ ਨੂੰ ਆਪਣੇ ਮੂਲ ਨਾਲ ਜੋੜਦੀ ਹੈ | ਉਨ੍ਹਾਂ ਕਿਹਾ ਕਿ ਲੇਖਕ ਨੇ ਆਪਣੇ ਅਨੁਭਵਾਂ ਅਤੇ ਅਵਲੋਕਨਾਂ ਰਾਹੀਂ ਪਿਆਰ, ਸੇਵਾ, ਸਹਿਜਤਾ, ਸੰਤੋਖ ਅਤੇ ਚੜ੍ਹਦੀ ਕਲਾ ਦੇ ਸੰਦੇਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਾਠਕਾਂ ਤੱਕ ਪਹੁੰਚਾਇਆ ਹੈ | ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਪੁਸਤਕ ਜੀਵਨ ਦੇ ਵੱਖ-ਵੱਖ ਅਨੁਭਵਾਂ, ਰਿਸ਼ਤਿਆਂ, ਮਨੁੱਖੀ ਮੁੱਲਾਂ ਅਤੇ ਰੂਹਾਨੀ ਚਿੰਤਨ ਦਾ ਨਿਚੋੜ ਹੈ | ਡਾ. ਉੱਭਾ ਨੇ ਇਹ ਪੁਸਤਕ ਆਪਣੀ ਜੀਵਨ ਸਾਥਣ ਡਾ. ਸਵਰਨਜੀਤ ਕੌਰ ਉੱਭਾ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਾਥ, ਸਮਝ ਅਤੇ ਵਿਸ਼ਵਾਸ ਨੇ ਜੀਵਨ ਦੇ ਹਰ ਪੜਾਅ ਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ | ਸਮਾਗਮ ਦੌਰਾਨ ਬੁਲਾਰਿਆਂ ਨੇ ਪੁਸਤਕ ਨੂੰ ਸਮਕਾਲੀ ਪੰਜਾਬੀ ਵਾਰਤਕ ਸਾਹਿੱਤ ਵਿਚ ਇਕ ਮਹੱਤਵਪੂਰਨ ਯੋਗਦਾਨ ਕਰਾਰ ਦਿੰਦਿਆਂ ਕਿਹਾ ਕਿ ਇਹ ਰਚਨਾ ਪਾਠਕਾਂ ਨੂੰ ਜੀਵਨ ਨੂੰ ਸਕਾਰਾਤਮਿਕ ਨਜ਼ਰੀਏ ਨਾਲ ਦੇਖਣ, ਪਿਆਰ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਅਪਣਾਉਣ ਅਤੇ ਚੜ੍ਹਦੀ ਕਲਾ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਅੱਛਰੂ ਸਿੰਘ, ਸੁਰਜੀਤ ਸਿੰਘ ਸ਼ਾਹੀ, ਡਾ. ਕੁਲਵਿੰਦਰ ਸਿੰਘ ਸੋਹਲ, ਭੁਪਿੰਦਰ ਸਿੰਘ ਜੱਗੀ, ਪ੍ਰੋ. ਗੁਰਦਰਸ਼ਨ ਸਿੰਘ, ਡਾ. ਅੰਮਿ੍ਤਵੀਰ ਸਿੰਘ, ਡਾ. ਜਗਜੀਤ ਸਿੰਘ, ਪਿ੍ਤਪਾਲ ਸਿੰਘ ਜੱਸੀ, ਕਰਨਵੀਰ ਸਿੰਘ ਰੰਧਾਵਾ ਅਤੇ ਵੱਡੀ ਗਿਣਤੀ ਵਿਚ ਸਾਹਿੱਤ, ਸਿੱਖਿਆ ਅਤੇ ਸਮਾਜਿਕ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਪੁਸਤਕ ਦੇ ਸਫਲ ਪ੍ਰਕਾਸ਼ਨ ਲਈ ਲੇਖਕ ਨੂੰ ਵਧਾਈ ਦਿੱਤੀ ਗਈ ਅਤੇ ਆਸ ਪ੍ਰਗਟਾਈ ਗਈ ਕਿ 'ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ' ਆਪਣੇ ਵਿਲੱਖਣ ਸੰਦੇਸ਼ ਕਾਰਨ ਪਾਠਕਾਂ ਵਿਚ ਵਿਸ਼ੇਸ਼ ਮਕਬੂਲੀਅਤ ਹਾਸਲ ਕਰੇਗੀ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਰਾਜੇਸ਼ ਸਿੰਗਲਾ ਨੂੰ ਲਗਾਇਆ ਸੂਬਾ ਪ੍ਰਚਾਰ ਸਕੱਤਰ ਅਗਲੀ ਖ਼ਬਰ ਮਾਰਕਫੈੱਡ ਡੇਲੀਵੇਜ ਵਰਕਰ ਯੂਨੀਅਨ ਨੇ ਕੀਤੀ ਸੂਬਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।