ਫ਼ਤਹਿਗੜ੍ਹ ਸਾਹਿਬ, 9 ਜੂਨ (ਮਨਪ੍ਰੀਤ ਸਿੰਘ)-ਨਹਿਰੀ ਪਾਣੀ ਦਾ ਫ਼ਸਲਾਂ ਦੇ ਲਈ ਇਸਤੇਮਾਲ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਪੰਜਾਬ ਸਰਕਾਰ ਦੀ ਮੁੱਖ ਪਹਿਲ ਹੈ | ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਦੇ ਪਿੰਡ ਰਿਊਣਾ ਨੀਵਾਂ ਅਤੇ ਰਿਊਣਾ ਭੋਲਾ ਵਿਖੇ ਨਵੇਂ ਮੋਘਿਆਂ ਦਾ ਉਦਘਾਟਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਮੋਘਿਆਂ ਦੇ ਨਾਲ ਰਿਊਣਾ ਨੀਵਾਂ ਅਤੇ ਰਿਊਣਾ ਭੋਲਾ ਦੀ 200 ਏਕੜ ਜ਼ਮੀਨ ਨੂੰ ਪਾਣੀ ਮਿਲੇਗਾ | ਉਨ੍ਹਾਂ ਕਿਹਾ ਕਿ ਸਾਲ 2022 ਵਿਚ ਪੰਜਾਬ ਦੇ ਅੰਦਰ ਕੇਵਲ 20 ਫ਼ੀਸਦੀ ਨਹਿਰੀ ਪਾਣੀ ਵਰਤਿਆ ਜਾਂਦਾ ਸੀ, ਪਰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਸੂਬੇ ਦੇ ਵਿਚ 78 ਫ਼ੀਸਦੀ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ | ਜਿਸ ਨਾਲ ਫ਼ਸਲਾਂ ਦਾ ਝਾੜ ਵਧਿਆ ਹੈ ਅਤੇ ਧਰਤੀ ਹੇਠਲਾ ਪਾਣੀ ਬਚਿਆ ਹੈ | ਇੱਥੇ ਹੀ ਬੱਸ ਨਹੀਂ, ਜਿਹੜਾ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਸੀ, ਉਹ ਇਨ੍ਹਾਂ ਯਤਨਾਂ ਸਦਕਾ ਚਾਰ ਇੰਚ ਉੱਪਰ ਆਇਆ ਹੈ | ਉਨ੍ਹਾਂ ਕਿਹਾ ਜੇਕਰ ਸਾਡੇ ਕੁਦਰਤੀ ਸਰੋਤ ਬਚਣਗੇ ਤਾਂ ਹੀ ਮਨੁੱਖੀ ਜੀਵਨ ਬਚ ਸਕਦਾ ਹੈ | ਇਸ ਲਈ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾਂਦੇ ਉਪਰਾਲਿਆਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਜਗਜੀਤ ਸਿੰਘ ਰਿਊਣਾ ਨੇ ਵਿਧਾਇਕ ਲਖਵੀਰ ਸਿੰਘ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਨੂੰ ਇਕ ਦਰਵੇਸ਼ ਵਿਧਾਇਕ ਮਿਲਿਆ ਹੈ, ਜੋ ਹਮੇਸ਼ਾ ਹੀ ਆਮ ਲੋਕਾਂ ਦੇ ਵਿਚ ਰਹਿੰਦਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਂਦਾ ਹੈ | ਉਨ੍ਹਾਂ ਦੇ ਯਤਨਾਂ ਸਦਕਾ ਇਸ ਇਲਾਕੇ ਨੂੰ ਨਹਿਰੀ ਪਾਣੀ ਮਿਲਿਆ ਹੈ ਅਤੇ ਬਹੁਤ ਸਾਰੇ ਰਜਵਾਹੇ ਵੀ ਪੱਕੇ ਕੀਤੇ ਗਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਰਿਊਣਾ, ਪਰਮਜੀਤ ਸਿੰਘ ਸਰਪੰਚ ਰਿਉਣਾ ਨੀਵਾਂ, ਜਸਵਿੰਦਰ ਸਿੰਘ ਮਾਸਟਰ, ਦੀਦਾਰ ਸਿੰਘ, ਕਰਨੈਲ ਸਿੰਘ, ਤਜਿੰਦਰ ਖਾਂ, ਹਰਮਿੰਦਰ ਸਿੰਘ ਗੋਰਖਾ, ਅਵਤਾਰ ਸਿੰਘ ਰਿਉਣਾ ਨੀਵਾਂ, ਨਿਰਮਲ ਸਿੰਘ, ਜਗਰੂਪ ਸਿੰਘ, ਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ |