ਮੰਡੀ ਗੋਬਿੰਦਗੜ੍ਹ, 16 ਜੂਨ (ਰਾਜੇਸ਼ ਸ਼ਰਮਾ)-ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਇਕ ਅਹਿਮ ਬੈਠਕ ਬਲਾਕ ਪ੍ਰਧਾਨ ਸੰਜੀਵ ਦੱਤਾ ਦੀ ਅਗਵਾਈ ਹੇਠ ਹੋਈ। ਬੈਠਕ ‘ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਬੋਬੀ, ਬਲਾਕ ਕਾਰਜਕਾਰੀ ਪ੍ਰਧਾਨ ਚੇਤਨ ਸ਼ਰਮਾ, ਡਿੰਪਲ ਸ਼ਰਮਾ, ਕਮਲਜੀਤ ਸਿੰਘ ਜੱਸੜ੍ਹਾਂ, ਬਿਮਲ ਗੁਪਤਾ ਸਮੇਤ ਕਈ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ਦੌਰਾਨ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਭਾਰਤ ਚੋਣ ਕਮਿਸ਼ਨ ਵਲੋਂ ਚਲਾਏ ਜਾ ਰਹੇ ਵਿਸ਼ੇਸ਼ ਐਸ.ਆਈ.ਆਰ ਅਭਿਆਨ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਆਗੂਆਂ ਨੇ ਪਾਰਟੀ ਵਰਕਰਾਂ ਨੂੰ ਬੂਥ ਪੱਧਰ ‘ਤੇ ਸਰਗਰਮ ਹੋ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਵੋਟਰ ਸੂਚੀਆਂ ਨਾਲ ਸੰਬੰਧਿਤ ਕਾਰਜਾਂ ‘ਚ ਲੋਕਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹਾਲ ਹੀ ‘ਚ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਏ ਅਮਰਿੰਦਰ ਮਾਕਨ ਦੇ ਮਾਮਲੇ ‘ਤੇ ਵੀ ਚਰਚਾ ਹੋਈ। ਇਸ ਸਬੰਧੀ ਬਲਾਕ ਪ੍ਰਧਾਨ ਸੰਜੀਵ ਦੱਤਾ ਨੇ ਕਿਹਾ ਕਿ ਅਮਰਿੰਦਰ ਮਾਕਨ ਦਾ ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਪਾਰਟੀ ਨਾਲ ਕੋਈ ਰਾਬਤਾ ਨਹੀਂ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਚੋਣਾਂ ਦੌਰਾਨ ਮਾਕਨ ਕਾਂਗਰਸ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਰਹੇ ਸਨ, ਜਿਸ ਕਾਰਨ ਪਾਰਟੀ ਵਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਸੰਜੀਵ ਦੱਤਾ ਨੇ ਕਿਹਾ ਕਿ ਪਾਰਟੀ ਦੇ ਨੋਟਿਸ ਦਾ ਜਵਾਬ ਦੇਣ ਦੀ ਬਜਾਏ ਅਮਰਿੰਦਰ ਮਾਕਨ ਨੇ ਖ਼ੁਦ ਹੀ ਆਪਣਾ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਮਾਕਨ ਦੇ ਪਾਰਟੀ ਛੱਡਣ ਨਾਲ ਕਾਂਗਰਸ ਸੰਗਠਨ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਪਾਰਟੀ ਪਹਿਲਾਂ ਵਾਂਗ ਹੀ ਮਜ਼ਬੂਤੀ ਨਾਲ ਲੋਕਾਂ ਦੇ ਮੁੱਦਿਆਂ ਲਈ ਕੰਮ ਕਰਦੀ ਰਹੇਗੀ।