09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਲੁੱਟਣ ਦੀ ਨੀਅਤ ਨਾਲ ਸੜਕ ਹਾਦਸੇ ਦਾ ਡਰਾਮਾ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ

ਅਜੀਤ ਡੈਸਕ 18-06-2026
ਫ਼ਤਹਿਗੜ੍ਹ ਸਾਹਿਬ, 17 ਜੂਨ (ਬਲਜਿੰਦਰ ਸਿੰਘ)-ਬੀਤੇ ਦਿਨੀਂ ਆਮ ਖ਼ਾਸ ਬਾਗ਼ ਸਰਹਿੰਦ ਨੇੜੇ ਸੜਕ ਹਾਦਸੇ ਦਾ ਡਰਾਮਾ ਕਰਕੇ ਕਥਿਤ ਤੌਰ ‘ਤੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਗੋਬਿੰਦ ਸਿੰਘ ਵਾਸੀ ਪਿੰਡ ਚੁੰਨੀ ਖ਼ੁਰਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ 15 ਜੂਨ ਨੂੰ ਦੁਪਹਿਰ ਵੇਲੇ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਸਰਹਿੰਦ ਵੱਲ ਆ ਰਿਹਾ ਸੀ ਕਿ ਇੱਕ ਕਾਰ ਵਿਚ ਸਵਾਰ ਅਣਪਛਾਤੇ 2-3 ਨੌਜਵਾਨ ਆਪਣੀ ਕਾਰ ਆਮ ਖ਼ਾਸ ਬਾਗ਼ ਦੇ ਚੌਕ ਤੋਂ ਮੋੜਨ ਲਈ ਖੜ੍ਹੇ ਸਨ। ਸ਼ਿਕਾਇਤ ਕਰਤਾ ਮੁਤਾਬਿਕ ਜਿਸ ਦੌਰਾਨ ਉਸ ਦੀ ਕਾਰ ਉਕਤ ਨੌਜਵਾਨਾਂ ਦੀ ਕਾਰ ਕੋਲੋਂ ਬਿਨਾਂ ਟੱਚ ਹੋਏ ਲੰਘ ਗਈ। ਪ੍ਰੰਤੂ ਉਕਤ ਨੌਜਵਾਨਾਂ ਨੇ ਆਪਣੀ ਕਾਰ ਕੱਟ ਕੇ ਉਸ ਦੇ ਮਗਰ ਲਾ ਲਈ ਅਤੇ ਅੱਗੇ ਜਾ ਕੇ ਰੋਕ ਸ਼ਿਕਾਇਤ ਕਰਤਾ ਨਾਲ ਬਦਸਲੂਕੀ ਕਰਨ ਲੱਗੇ, ਗਾਲ਼ੀ ਗਲੋਚ ਕੀਤਾ ਅਤੇ ਮਾਰ ਕੁਟਾਈ ਦੀ ਕੋਸ਼ਿਸ਼ ਕਰਨ ਲੱਗੇ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ ਨੌਜਵਾਨ ਉਸ ਕੋਲੋਂ ਕਥਿਤ ਤੌਰ ’ਤੇ ਜ਼ਬਰਦਸਤੀ 10 ਹਜ਼ਾਰ ਰੁਪਏ ਦੀ ਮੰਗ ਕਰਨ ਲੱਗੇ। ਜਿਸ ਸਬੰਧੀ ਉਨ੍ਹਾਂ ਪੁਲਿਸ ਹੈਲਪ ਲਾਈਨ ਨੰਬਰਾਂ ਤੇ ਕਾਲਾਂ ਕੀਤੀਆਂ ਪ੍ਰੰਤੂ ਕੋਈ ਮਦਦ ਨਹੀਂ ਮਿਲੀ। ਇਸ ਉਪਰੰਤ ਉੱਥੇ ਮੌਜੂਦ ਦੁਕਾਨਦਾਰਾਂ ਨੇ ਸ਼ਿਕਾਇਤ ਕਰਤਾ ਨੂੰ ਉਕਤ ਨੌਜਵਾਨਾਂ ਤੋਂ ਬਚਾਇਆ ਅਤੇ ਥਾਣੇ ਜਾ ਕੇ ਫ਼ੈਸਲਾ ਕਰਨ ਦੀ ਗੱਲ ‘ਤੇ ਸਹਿਮਤੀ ਬਣੀ। ਗੋਬਿੰਦ ਸਿੰਘ ਨੇ ਦੱਸਿਆ ਕਿ ਜਦੋਂ ਉਹ ਝਗੜਾ ਕਰਨ ਵਾਲੇ ਨੌਜਵਾਨਾਂ ‘ਚੋਂ ਇੱਕ ਲੜਕੇ ਨੂੰ ਆਪਣੀ ਕਾਰ ਵਿਚ ਬਿਠਾ ਕੇ ਥਾਣੇ ਲੈ ਕੇ ਪਹੁੰਚੇ ਤਾਂ ਗੱਡੀ ਰੁਕਦਿਆਂ ਸਾਰ ਹੀ ਨੌਜਵਾਨ ਮੌਕਾ ਦੇਖ ਕੇ ਉੱਥੋਂ ਭੱਜ ਗਿਆ। ਸ਼ਿਕਾਇਤ ਕਰਤਾ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਦੋਬਾਰਾ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕ ਹਾਦਸੇ ਦਾ ਡਰਾਮਾ ਕਰਕੇ ਕਥਿਤ ਤੌਰ ‘ਤੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਭਵਿੱਖ ਵਿਚ ਕਿਸੇ ਹੋਰ ਅਮਨ ਪਸੰਦ ਨਾਗਰਿਕ ਨੂੰ ਨਿਸ਼ਾਨਾ ਬਣਾ ਕੇ ਨੁਕਸਾਨ ਨਾ ਪਹੁੰਚਾ ਸਕਣ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਕੀਮਾਂ ਦਾ ਲਾਭ ਲੈਣ ਲਈ 20 ਜੂਨ ਤੱਕ ਕਰਵਾਈ ਜਾ ਸਕਦੀ ਹੈ ਈ-ਕੇ.ਵਾਈ.ਸ... ਅਗਲੀ ਖ਼ਬਰ ਰਾਜਿੰਦਰ ਨਗਰ ਵਿਚ ਹੋਈਆਂ ਚੋਰੀਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।