ਖਮਾਣੋਂ, 17 ਜੂਨ (ਮਨਮੋਹਣ ਸਿੰਘ ਕਲੇਰ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਦਿੱਤੇ ਗਏ ਸੰਘਰਸ਼ ਪ੍ਰੋਗਰਾਮ ਅਧੀਨ ਸਰਕਲ ਖੰਨਾ ਦੇ ਗੇਟ ਅੱਗੇ ਸੈਂਕੜਿਆਂ ਦੀ ਗਿਣਤੀ ਵਿਚ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਬੁਲਾਰਿਆਂ ਨੇ ਸਰਕਾਰ ਤੇ ਮੈਨੇਜਮੈਂਟ ਦੀਆਂ ਮਾੜੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੜੀ ਨੇ ਦੱਸਿਆ ਕਿ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਨਾਲ ਕੀਤੀਆਂ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਜਦੋਂਕਿ ਉਨ੍ਹਾਂ ਦੀਆਂ ਮੰਗਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫ਼ਾਰਮੂਲਾ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤਾ ਕੇਂਦਰੀ ਮੁਲਾਜ਼ਮਾਂ ਬਰਾਬਰ ਦਿੱਤਾ ਜਾਵੇ। ਇਸ ਧਰਨੇ ਉਪਰੰਤ ਖੰਨਾ ਸਰਕਲ ਦਫ਼ਤਰ ਵਿਚ ਹਾਜ਼ਰ ਇੰਜੀਨੀਅਰ ਅਮਿਤ ਕੁਮਾਰ ਐਕਸ਼ਨੀਅਨ ਟੈਕਨੀਕਲ ਨੂੰ ਬਿਜਲੀ ਮੰਤਰੀ ਪੰਜਾਬ ਦੇ ਨਾਂਅ ‘ਤੇ ਮੰਗ ਪੱਤਰ ਸੌਂਪਿਆ ਗਿਆ। ਸਰਕਾਰ ਅਤੇ ਮੈਨੇਜਮੈਂਟ ਨੂੰ ਅਪੀਲ ਦੇ ਨਾਲ ਚਿਤਾਵਨੀ ਵੀ ਦਿੱਤੀ ਗਈ ਕਿ ਆਉਣ ਵਾਲੀ 24 ਜੂਨ ਨੂੰ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਕੋਠੀ ਦੇ ਗੇਟ ਅੱਗੇ ਪੰਜਾਬ ਪੱਧਰ ਉੱਤੇ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿਚ ਉਚੇਚੇ ਤੌਰ ‘ਤੇ ਪਹੁੰਚੇ ਕੁਲਦੀਪ ਸਿੰਘ ਖੰਨਾ, ਸਟੇਟ ਆਗੂ ਸੰਜੀਵ ਕੁਮਾਰ ਨਵਾਂਸ਼ਹਿਰ, ਕੁਲਵਿੰਦਰ ਸਿੰਘ ਗੁਰਾਇਆ, ਲਖਵੀਰ ਸਿੰਘ ਭੜੀ, ਬਲਜਿੰਦਰ ਸਿੰਘ ਜੋਨ ਸਕੱਤਰ, ਜੱਗਾ ਖ਼ਾਨ, ਇੰਜੀ ਜਗਜੀਤ ਸਿੰਘ, ਹਰਜਿੰਦਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਭੜੀ, ਬੀਰ ਸਿੰਘ ਚਾਵਾ, ਸੁਲਤਾਨ ਸਿੰਘ, ਮੱਗਰ ਸਿੰਘ ਭੜੀ, ਹਰਮੇਸ਼ ਸਿੰਘ ਸਰਕਲ ਪ੍ਰਧਾਨ ਐਸ.ਬੀ.ਐਸ ਅਤੇ ਮੱਖਣ ਸਿੰਘ ਸਾਬਕਾ ਪ੍ਰਧਾਨ ਸਰਕਲ ਖੰਨਾ ਵਗੈਰਾ ਨੇ ਸੰਬੋਧਨ ਕੀਤਾ।