ਖਮਾਣੋਂ, 17 ਜੂਨ (ਜੋਗਿੰਦਰ ਪਾਲ)-ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ, ਲਖਵਿੰਦਰ ਸਿੰਘ ਚੇਅਰਮੈਨ ਐਸ.ਸੀ. ਵਿੰਗ ਫ਼ਤਹਿਗੜ੍ਹ ਸਾਹਿਬ ਤੇ ਹਰਦੀਪ ਸਿੰਘ ਬਦੇਸ਼ਾਂ ਜ਼ਿਲ੍ਹਾ ਜਨਰਲ ਸੈਕਟਰੀ ਨੇ ਕਿਹਾ ਕਿ ਸਰਕਾਰ ਦੁਆਰਾ ਕੱਚੇ ਤੋਂ ਪੱਕੇ ਕੀਤੇ ਗਏ ਸੂਇਆਂ ’ਚ ਨਾ ਮਾਤਰ ਪਾਣੀ ਜਾਂ ਘੱਟ ਪਾਣੀ ਹੋਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਝੋਨਾ ਲਗਾਉਣ ਲਈ ਘੋਸ਼ਣਾ ਕਰ ਦਿੱਤੀ ਹੈ ਪਰ ਕਿਸਾਨਾਂ ਦੇ ਮੁਤਾਬਿਕ ਉਨ੍ਹਾਂ ਦੇ ਖੇਤਾਂ ਵਿਚ ਪਾਣੀ ਨਹੀਂ ਆ ਰਿਹਾ, ਕਿਉਂਕਿ ਸੂਏ ਖ਼ਾਲੀ ਹਨ। ਹਲਕਾ ਬਸੀ ਪਠਾਣਾ ਦੇ ਤਕਰੀਬਨ ਸਾਰੇ ਸੂਇਆਂ ਵਿਚ ਪਾਣੀ ਬਹੁਤ ਘੱਟ ਹੈ ਇਸ ਕਰਕੇ ਲੋਕਾਂ ਨੂੰ ਮੋਟਰਾਂ ਦੇ ਪਾਣੀ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।