07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਰਪ੍ਰੀਤ ਸਿੰਘ ਪ੍ਰਿੰਸ ਗੋਰਾਇਆ ਲਗਾਤਾਰ ਦੂਜੀ ਵਾਰ ਬਣਨਗੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ

ਅਜੀਤ ਡੈਸਕ 08-07-2026
ਮੰਡੀ ਗੋਬਿੰਦਗੜ੍ਹ, 7 ਜੁਲਾਈ (ਰਾਜੇਸ਼ ਸ਼ਰਮਾ)-ਤੀਜੀ ਵਾਰ ਕੌਂਸਲਰ ਬਣ ਕੇ ਜਿੱਤ ਦੀ ਹੈਟ੍ਰਿਕ ਲਗਾਉਣ ਵਾਲੇ ਹਰਪ੍ਰੀਤ ਸਿੰਘ ਪ੍ਰਿੰਸ ਗੋਰਾਇਆ ਅੱਜ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਵਜੋਂ ਲਗਾਤਾਰ ਦੂਜੀ ਵਾਰ ਤਾਜਪੋਸ਼ੀ ਕਰਵਾਉਣ ਜਾ ਰਹੇ ਹਨ। ਇਸ ਨਾਲ ਉਹ ਨਗਰ ਕੌਂਸਲ ਦੇ ਇਤਿਹਾਸ ਵਿਚ ਕਰੀਬ 34 ਸਾਲਾਂ ਦਾ ਰਿਕਾਰਡ ਤੋੜਦਿਆਂ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਨ ਦਾ ਮਾਣ ਹਾਸਿਲ ਕਰਨਗੇ। ਹਰਪ੍ਰੀਤ ਸਿੰਘ ਪ੍ਰਿੰਸ ਗੋਰਾਇਆ ਦਾ ਜਨਮ ਮੰਡੀ ਗੋਬਿੰਦਗੜ੍ਹ ਵਿਖੇ ਬਲਬੀਰ ਸਿੰਘ ਦੇ ਘਰ ਮਾਤਾ ਬਲਬੀਰ ਕੌਰ ਦੀ ਕੁੱਖੋਂ ਹੋਇਆ। ਉਹ ਆਪਣੀਆਂ ਦੋ ਭੈਣਾਂ ਇੰਦਰਪ੍ਰੀਤ ਕੌਰ (ਕੈਨੇਡਾ) ਤੇ ਕਿਰਨਦੀਪ ਕੌਰ ਚੀਮਾ (ਚੀਮਾ ਫਿਲਿੰਗ ਸਟੇਸ਼ਨ) ਦੇ ਵੱਡੇ ਭਰਾ ਹਨ। ਪਿੰਡ ਅੱਤੇਵਾਲੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਲਗਪਗ 35 ਸਾਲ ਤੱਕ ਸਰਪੰਚ ਰਹੇ ਸਵ: ਇੰਦਰ ਸਿੰਘ ਦੇ ਪੋਤਰੇ ਹਰਪ੍ਰੀਤ ਸਿੰਘ ਪ੍ਰਿੰਸ ਗੋਰਾਇਆ ਨੇ ਬਚਪਨ ਤੋਂ ਹੀ ਰਾਜਨੀਤੀ ਵਿਚ ਡੂੰਘੀ ਰੁਚੀ ਰੱਖੀ। ਉਨ੍ਹਾਂ ਨੇ ਆਪਣੀ ਮੁੱਢਲੀ ਤੇ ਹਾਈ ਸੈਕੰਡਰੀ ਸਿੱਖਿਆ ਐਸ. ਐਨ. ਏ. ਐਸ. ਮਾਡਲ ਸਕੂਲ, ਮੰਡੀ ਗੋਬਿੰਦਗੜ੍ਹ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਤੋਂ ਗਰੈਜੂਏਸ਼ਨ ਕੀਤੀ, ਫਿਰ ਡੀ. ਏ. ਵੀ. ਕਾਲਜ, ਦੇਹਰਾਦੂਨ ਤੋਂ ਐਲ. ਐਲ. ਬੀ. ਦੀ ਡਿਗਰੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੋਸਟ ਗਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕੀਤੀ। ਆਪਣੇ ਕਾਰੋਬਾਰ ਦੇ ਨਾਲ-ਨਾਲ ਉਨ੍ਹਾਂ ਨੇ ਸਾਲ 1994 ਦੌਰਾਨ ਜਰਨਲ ਸਕੱਤਰ ਵਜੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਜ਼ਿਲ੍ਹਾ ਤੇ ਪੰਜਾਬ ਪੱਧਰ ’ਤੇ ਵੱਖ-ਵੱਖ ਰਾਜਨੀਤਿਕ ਅਹੁਦਿਆਂ ’ਤੇ ਰਹਿ ਕੇ ਇਲਾਕੇ ਦੀ ਸੇਵਾ ਨਿਭਾਈ। ਉਨ੍ਹਾਂ ਦਾ ਵਿਆਹ ਹਰਿੰਦਰ ਕੌਰ, ਗੁਰਦੀਪ ਸਿੰਘ ਦੀ ਪੁੱਤਰੀ, ਮਾਛੀਵਾੜਾ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਸ਼ੁਭਕਰਮਨ ਸਿੰਘ ਗੋਰਾਇਆ ਤੇ ਕੁਰਬਾਨ ਸਿੰਘ ਗੋਰਾਇਆ ਹਨ। ਵੱਡੇ ਪੁੱਤਰ ਸ਼ੁਭਕਰਮਨ ਸਿੰਘ ਗੋਰਾਇਆ ਦਾ ਵਿਆਹ ਕੂੰਮਕਲਾਂ ਨਿਵਾਸੀ ਦਲਜੀਤ ਸਿੰਘ ਅਟਵਾਲ ਦੀ ਪੁੱਤਰੀ ਨਵਜੋਤ ਕੌਰ ਨਾਲ ਹੋਇਆ ਹੈ। ਰਾਜਨੀਤੀ ਦੇ ਨਾਲ-ਨਾਲ ਹਰਪ੍ਰੀਤ ਸਿੰਘ ਪ੍ਰਿੰਸ ਗੋਰਾਇਆ ਨੇ ਪੱਤਰਕਾਰੀ ਦੇ ਖੇਤਰ ਵਿਚ ਵੀ ਮਹੱਤਵਪੂਰਨ ਸੇਵਾਵਾਂ ਨਿਭਾਈਆਂ। ਉਹ ਪ੍ਰੈੱਸ ਕਲੱਬ ਮੰਡੀ ਗੋਬਿੰਦਗੜ੍ਹ ਦੇ ਲਗਾਤਾਰ ਪੰਜ ਵਾਰ ਪ੍ਰਧਾਨ ਰਹੇ ਅਤੇ ਪੱਤਰਕਾਰਾਂ ਦੀ ਭਲਾਈ ਲਈ ਜ਼ਿਲ੍ਹਾ ਤੇ ਪਟਿਆਲਾ ਜ਼ੋਨ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਪ੍ਰਮੁੱਖ ਨਿਊਜ਼ ਚੈਨਲਾਂ ਲਈ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 2015 ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਉਹ ਵਾਰਡ ਨੰਬਰ 22 ਤੋਂ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਨਾਲ ਪਹਿਲੀ ਵਾਰ ਕੌਂਸਲਰ ਚੁਣੇ ਗਏ। ਸਾਲ 2021 ਵਿਚ ਵਾਰਡ ਨੰਬਰ 4 ਤੋਂ ਦੂਜੀ ਵਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸਾਲ 2026 ਦੀਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਾਰਡ ਨੰਬਰ 28 ਤੋਂ 86 ਫ਼ੀਸਦੀ ਵੋਟਾਂ ਹਾਸਿਲ ਕਰਕੇ ਤੀਜੀ ਵਾਰ ਕੌਂਸਲਰ ਚੁਣੇ ਗਏ। ਹੁਣ ਉਹ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਵਜੋਂ ਲਗਾਤਾਰ ਦੂਜੀ ਵਾਰ ਤਾਜਪੋਸ਼ੀ ਕਰਵਾਉਣ ਜਾ ਰਹੇ ਹਨ। ਇਸ ਮੌਕੇ ਪੰਜਾਬ ਭਰ ਦਾ ਪੱਤਰਕਾਰ ਭਾਈਚਾਰਾ ਇਕ ਪੱਤਰਕਾਰ ਤੋਂ ਨਗਰ ਕੌਂਸਲ ਪ੍ਰਧਾਨ ਬਣਨ ਅਤੇ ਲਗਾਤਾਰ ਦੂਜੀ ਵਾਰ ਇਸ ਅਹੁਦੇ ’ਤੇ ਬਿਰਾਜਮਾਨ ਹੋਣ ’ਤੇ ਹਰਪ੍ਰੀਤ ਸਿੰਘ ਪ੍ਰਿੰਸ ਗੋਰਾਇਆ ’ਤੇ ਮਾਣ ਮਹਿਸੂਸ ਕਰ ਰਿਹਾ ਹੈ।
ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਲਾ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਿੰਦਣਯੋਗ-ਮੁਕਾਰੋਂਪੁਰ ਅਗਲੀ ਖ਼ਬਰ ਲੀਗਲ ਐਂਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ਵਿਚ ਵਕੀਲਾਂ ਨੇ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।