ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੀ ਸਿਆਸਤ ਵਿਚ ਉਸ ਵੇਲੇ ਇਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ, ਜਦੋਂ ਸਾਲ 2007 ਵਿਚ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਚੀਮਾ ਆਪਣੇ ਸਾਥੀਆਂ ਸਮੇਤ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਅਮਰਜੀਤ ਸਿੰਘ ਚੀਮਾ ਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿਚ ਆਉਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਅਮਰਜੀਤ ਸਿੰਘ ਚੀਮਾ ਵਰਗੀਆਂ ਸੂਝਵਾਨ ਤੇ ਇਲਾਕੇ ਵਿਚ ਚੰਗਾ ਪ੍ਰਭਾਵ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੇ ਪਾਰਟੀ ਵਿਚ ਆਉਣ ਨਾਲ ‘ਆਪ’ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ, ਕਿਉਂਕਿ ਐਡ. ਚੀਮਾ ਨੇ ਜਿਥੇ ਸਮਾਜ ਸੇਵਾ ਦੇ ਵੱਡੇ ਕਾਰਜ ਕੀਤੇ ਹਨ, ਉੱਥੇ ਹੀ ਉਨ੍ਹਾਂ ਦਾ ਇਲਾਕੇ ਵਿਚ ਆਪਣਾ ਵੱਖਰਾ ਰਸੂਖ਼ ਵੀ ਹੈ। ਆਪਣੇ ਸੰਬੋਧਨ ’ਚ ਅਮਰਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ‘ਆਪ’ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਇਸ ਸਿਆਸੀ ਪਰਿਵਾਰ ਦਾ ਹਿੱਸਾ ਬਣੇ ਹਨ ਤੇ ਉਨ੍ਹਾਂ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਹੁਣ ਉਹ ਤੇ ਉਨ੍ਹਾਂ ਦੇ ਸਾਥੀ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਤੇ ਪਾਰਟੀ ਦੀਆ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਉਹ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਸਮਾਜ ਸੇਵੀ ਮਨਪ੍ਰੀਤ ਸਿੰਘ, ਜੈਵੇਦ ਆਦਿ ਵੀ ਹਨ। ਇਸ ਮੌਕੇ ਕੌਂਸਲਰ ਜਤਿੰਦਰ ਕੌਰ ਬਾਤਿਸ਼, ਸੋਸ਼ਲ ਮੀਡੀਆ ਮਾਲਵਾ ਜ਼ੋਨ ਦੇ ਇੰਚਾਰਜ ਦੀਪਕ ਬਾਤਿਸ਼, ਕੌਂਸਲਰ ਹਰਕਮਲ ਸਿੰਘ, ਥਾਣੇਦਾਰ ਬਲਜਿੰਦਰ ਸਿੰਘ, ਸੰਦੀਪ ਸਿੰਘ ਵਾਲਮੀਕਿ, ਬਲਵੀਰ ਚੀਮਾ, ਅਮਰਦੀਪ ਸਿੰਘ ਆਦਿ ਵੀ ਹਾਜ਼ਰ ਸਨ।