ਫ਼ਤਹਿਗੜ੍ਹ ਸਾਹਿਬ, 20 ਜੁਲਾਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਪਿੰਡਾਂ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਅੰਤਰਰਾਜੀ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਗਰੋਹ ਥਾਣਾ ਮੂਲੇਪੁਰ ਅਧੀਨ ਪੈਂਦੇ ਪਿੰਡਾਂ ਦੇ ਚਾਰ ਘਰਾਂ ਵਿਚੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਪੁਲਿਸ ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਫ਼ਤਹਿਗੜ੍ਹ ਸਾਹਿਬ ਕੁਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਸੀ. ਸੀ. ਟੀ. ਵੀ. ਫੁਟੇਜ, ਤਕਨੀਕੀ ਸਬੂਤਾਂ ਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਉਂਦਿਆਂ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਤੇ ਸਾਬਰ ਦੋਵੇਂ ਸਕੇ ਭਰਾ ਤੇ ਵਾਸੀ ਦੋਰਾਹਾ, ਰਾਹੁਲ ਵਾਸੀ ਪਟਿਆਲਾ ਅਤੇ ਸੰਜੂ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਇਸ ਤੋਂ ਇਲਾਵਾ ਗਰੋਹ ਦੇ ਕਥਿਤ ਸਰਗਨਾ ਸੁੱਖਾ ਤੇ ਫ਼ੌਜੀ ਸਮੇਤ ਕੁਝ ਹੋਰ ਸਾਥੀਆਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਗਰੋਹ ਪੂਰੀ ਯੋਜਨਾਬੱਧ ਤਰੀਕੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗਰੋਹ ਦੇ ਹਰ ਮੈਂਬਰ ਦੀ ਵੱਖ-ਵੱਖ ਜ਼ਿੰਮੇਵਾਰੀ ਹੁੰਦੀ ਸੀ। ਕੋਈ ਗੱਡੀ ਚਲਾਉਂਦਾ ਸੀ, ਕੋਈ ਘਰਾਂ ਦੇ ਜਿੰਦਰੇ ਤੇ ਤਾਲੇ ਤੋੜਦਾ ਸੀ, ਜਦਕਿ ਹੋਰ ਮੈਂਬਰ ਚੋਰੀ ਦਾ ਸਾਮਾਨ ਇਕੱਠਾ ਕਰਦੇ ਸਨ। ਚੋਰੀ ਤੋਂ ਬਾਅਦ ਗਿਰੋਹ ਦੇ ਸਰਗਨਾ ਸੁੱਖਾ ਤੇ ਫ਼ੌਜੀ ਚੋਰੀ ਦਾ ਮਾਲ ਵੇਚ ਕੇ ਸਾਰੇ ਮੈਂਬਰਾਂ ਵਿਚ ਪੈਸਿਆਂ ਦੀ ਵੰਡ ਕਰਦੇ ਸਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਸੰਜੂ ਇਕ ਸ਼ਾਤਿਰ ਅਪਰਾਧੀ ਹੈ, ਜਿਸ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਵਿਚ 20 ਤੇ ਫ਼ਤਹਿਗੜ੍ਹ ਸਾਹਿਬ ਵਿਚ 2 ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਗਿਰੋਹ ਕਈ ਹੋਰ ਜ਼ਿਲ੍ਹਿਆਂ ਵਿਚ ਵੀ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਉਨ੍ਹਾਂ ਤੋਂ ਹੋਰ ਕਈ ਚੋਰੀ ਦੇ ਮਾਮਲਿਆਂ ਸੰਬੰਧੀ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ। ਨਾਲ ਹੀ ਗਰੋਹ ਦੇ ਫ਼ਰਾਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।