ਬਸੀ ਪਠਾਣਾਂ, 28 ਜੁਲਾਈ (ਰਾਜਿੰਦਰ ਸ਼ਰਮਾ, ਐਚ. ਐਸ. ਗੌਤਮ)-ਬਸੀ ਪਠਾਣਾਂ ਨਗਰ ਕੌਂਸਲ ਦੇ ਨਵ-ਨਿਯੁਕਤ ਕੌਂਸਲ ਪ੍ਰਧਾਨ ਰਾਜ ਕੁਮਾਰ ਪੁਰੀ, ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਤੇ ਮੀਤ ਪ੍ਰਧਾਨ ਬਿੰਦੂ ਨੇ ਆਪਣੇ-ਆਪਣੇ ਅਹੁਦਿਆਂ ਦਾ ਰਸਮੀ ਤੌਰ ’ਤੇ ਕਾਰਜਭਾਰ ਸੰਭਾਲ ਲਿਆ ਹੈ। ਨਗਰ ਕੌਂਸਲ ਦਫ਼ਤਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਵਿਚ ਹੋਏ ਸਮਾਰੋਹ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਵਲੋਂ ਪਵਿੱਤਰ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਕੀਤਾ। ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮਾਗਮ ’ਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦੇ ਹੋਏ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਰਾਜਪੁਰੀ, ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਅਤੇ ਮੀਤ ਪ੍ਰਧਾਨ ਬਿੰਦੂ ਨੂੰ ਨਗਰ ਕੌਂਸਲ ਦੇ ਅਹੁਦੇ ਦੀਆਂ ਕੁਰਸੀਆਂ ’ਤੇ ਬਿਠਾਉਣ ਦੀ ਰਸਮ ਨਿਭਾਈ। ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਰਾਜ ਪੁਰੀ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਸੁਧਾਰਿਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਨੇ ਕਿਹਾ ਕਿ ਉਹ ਲੋਕਾਂ ਦੇ ਭਰੋਸੇ ’ਤੇ ਖਰਾ ਉੱਤਰਨ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਮੀਤ ਪ੍ਰਧਾਨ ਬਿੰਦੂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਦੀ ਪੂਰੀ ਟੀਮ ਮਿਲ ਕੇ ਕੰਮ ਕਰੇਗੀ ਅਤੇ ਹਰ ਵਰਗ ਦੀ ਭਲਾਈ ਲਈ ਯਤਨ ਕੀਤੇ ਜਾਣਗੇ। ਸਮਾਰੋਹ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਪੰਜਾਬ ਮੰਡੀ ਬੋਰਡ ਦੇ ਮੈਂਬਰ ਇੰਦਰਜੀਤ ਸਿੰਘ ਇੰਦਰੀ, ਰਸ਼ਵਿੰਦਰ ਸਿੰਘ ਕਲੌਂਦੀ, ਸ਼ਾਮ ਸੁੰਦਰ ਵਧਵਾ, ਅਸ਼ੋਕ ਟੂਲਾਨੀ, ਜਸਵੀਰ ਸਿੰਘ ਢਿੱਲੋਂ, ਆੜ੍ਹਤੀ ਆਗੂ ਰਾਜੇਸ਼ ਸਿੰਗਲਾ, ਸਾਬਕਾ ਕੌਂਸਲ ਪ੍ਰਧਾਨ ਰਮਨ ਗੁਪਤਾ, ਗੁਰਮੀਤ ਸਿੰਘ ਧਾਲੀਵਾਲ, ਰਾਜੀਵ ਵਾਲਮੀਕੀ, ਸ਼ੈਂਕੀ ਤਾਂਗੜੀ, ਕਸ਼ਮੀਰਾ ਸਿੰਘ ਰਸੂਲਪੁਰ, ਸਮੂਹ ਅਧਿਕਾਰੀਆਂ, ਕੌਂਸਲਰਾਂ, ਸਮਾਜ ਸੇਵੀਆਂ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ।