ਮੰਡੀ ਗੋਬਿੰਦਗੜ੍ਹ, 28 ਜੁਲਾਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਵਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਕਰਵਾਏ ਕਮਿਊਨਿਟੀ ਐਂਗੇਜਮੈਂਟ ਪ੍ਰੋਗਰਾਮ ਦੇ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਸਨਾਥਕ ਵਿਦਿਆਰਥੀਆਂ ਲਈ ਲਾਜ਼ਮੀ 2 ਕ੍ਰੈਡਿਟ ਅਤੇ 60 ਘੰਟਿਆਂ ਦੀ ਇਸ ਕਮਿਊਨਿਟੀ ਐਂਗੇਜਮੈਂਟ ਦਾ ਮੰਤਵ ਵਿਦਿਆਰਥੀਆਂ ਨੂੰ ਅਨੁਭਵ-ਆਧਾਰਿਤ ਸਿੱਖਿਆ ਅਤੇ ਸਮਾਜ ਸੇਵਾ ਨਾਲ ਜੋੜਨਾ ਹੈ। ਕਾਲਜ ਦੇ ਮੈਂਟਰਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਅਮਲੋਹ, ਫਰਜ਼ੁੱਲਾਪੁਰ, ਸ਼ਮਸਪੁਰ, ਨਾਰਾਇਣਗੜ੍ਹ, ਸਲਾਣਾ, ਭਾਦਲਾ, ਮਾਣਕ ਮਾਜਰਾ, ਡਡਹੇਡੀ, ਫ਼ਤਹਿਗੜ੍ਹ ਨਿਊਆਂ, ਜਲਾਲਪੁਰ, ਕੁੰਭੜਾ, ਤੂਰਾਂ, ਬੂੱਲੇਪੁਰ, ਰਾਏਪੁਰ ਮਾਜਰੀ, ਅਜਨੇਰ ਤੇ ਸੌਂਟੀ ਸਮੇਤ ਵੱਖ-ਵੱਖ ਪਿੰਡਾਂ ਵਿਚ ਸਫ਼ਾਈ ਮੁਹਿੰਮਾਂ, ਮਹਿਲਾ ਸਸ਼ਕਤੀਕਰਨ ਬਾਰੇ ਜਾਗਰੂਕਤਾ ਮੁਹਿੰਮਾਂ, ਸਮਾਜਿਕ-ਆਰਥਿਕ ਸਰਵੇਖਣ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ। ਵਿਦਿਆਰਥੀਆਂ ਨੇ ਲੋਕਾਂ ਨਾਲ ਸੰਵਾਦ ਕਰਕੇ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਦਾ ਅਧਿਐਨ ਕੀਤਾ ਤੇ ਉਨ੍ਹਾਂ ਦੇ ਹੱਲ ਸੰਬੰਧੀ ਰਿਪੋਰਟਾਂ ਤਿਆਰ ਕਰਕੇ ਕਾਲਜ ਨੂੰ ਸੌਂਪੀਆਂ। ਸਮਾਰੋਹ ਵਿਚ ਐਡੂਟਰਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਸਮਰਥ ਸ਼ਰਮਾ ਮੁੱਖ ਮਹਿਮਾਨ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਪ੍ਰਿੰਸ ਸ਼ਾਰਦਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਰਥ ਸ਼ਰਮਾ ਨੇ ਕਾਲਜ ਵਲੋਂ ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਸੰਚਾਲਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਭਕਾਰੀ ਦੱਸਿਆ। ਇਸ ਮੌਕੇ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਵਾਲੇ 56 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਤੇ ਕਾਲਜ ਦੇ ਚੇਅਰਮੈਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨ. ਈ. ਪੀ-2020 ਤਹਿਤ ਕਮਿਊਨਿਟੀ ਐਂਗੇਜਮੈਂਟ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ, ਲੀਡਰਸ਼ਿਪ, ਸੰਚਾਰ, ਟੀਮ ਵਰਕ ਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।