ਵਿਸ਼ਵ ’ਵਰਸਿਟੀ ਦੇ ਗਤਕਾ ਕੋਚ ਤਲਵਿੰਦਰ ਸਿੰਘ ਨੇ ਲਾਤਵੀਆ ਵਿਖੇ ਭਾਰਤ ਦੀ ਕੀਤੀ ਨੁਮਾਇੰਦਗੀ
ਫ਼ਤਹਿਗੜ੍ਹ ਸਾਹਿਬ, 10 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਗਤਕਾ ਕੋਚ ਤਲਵਿੰਦਰ ਸਿੰਘ ਨੇ ਲਾਤਵੀਆ ਵਿਖੇ ਪਿਛਲੇ ਦਿਨੀਂ ਕਰਵਾਏ ਲਿਪਾ ਕੁਸਟ ਇੰਟਰਨੈਸ਼ਨਲ ਕਲਚਰ ਫ਼ੈਸਟੀਵਲ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਿੱਖ ਮਾਰਸ਼ਲ ਆਰਟ ਗਤਕੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਉਨ੍ਹਾਂ ਦੇ ਨਾਲ ਗਤਕਾ ਖਿਡਾਰੀ ਲਵਵੀਰ ਸਿੰਘ ਨੇ ਵੀ ਭਾਗ ਲਿਆ।
ਫ਼ਤਹਿਗੜ੍ਹ ਸਾਹਿਬ, 10 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਗਤਕਾ ਕੋਚ ਤਲਵਿੰਦਰ ਸਿੰਘ ਨੇ ਲਾਤਵੀਆ ਵਿਖੇ ਪਿਛਲੇ ਦਿਨੀਂ ਕਰਵਾਏ ਲਿਪਾ ਕੁਸਟ ਇੰਟਰਨੈਸ਼ਨਲ ਕਲਚਰ ਫ਼ੈਸਟੀਵਲ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਿੱਖ ਮਾਰਸ਼ਲ ਆਰਟ ਗਤਕੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਉਨ੍ਹਾਂ ਦੇ ਨਾਲ ਗਤਕਾ ਖਿਡਾਰੀ ਲਵਵੀਰ ਸਿੰਘ ਨੇ ਵੀ ਭਾਗ ਲਿਆ। ਅੰਤਰਰਾਸ਼ਟਰੀ ਸਭਿਆਚਾਰਕ ਮੇਲੇ ਵਿਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਆਪਣੇ ਦੇਸ਼ਾਂ ਦੀ ਕਲਾ, ਸੱਭਿਆਚਾਰ ਅਤੇ ਵਿਰਾਸਤ ਨੂੰ ਪੇਸ਼ ਕੀਤਾ। ਭਾਰਤੀ ਟੀਮ ਵਲੋਂ ਗਤਕੇ ਦੇ ਜੌਹਰ ਦਿਖਾਉਣ ਦੇ ਨਾਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਵੀ ਵਿਦੇਸ਼ੀ ਧਰਤੀ ’ਤੇ ਪੇਸ਼ ਕੀਤਾ। ਲੋਕ ਨਾਚ ਸੁਸਾਇਟੀ ਪਟਿਆਲਾ ਦੇ ਡਾਇਰੈਕਟਰ ਰਵੀ ਕੂਨਰ ਤੇ ਢੋਲ ਉਸਤਾਦ ਰਾਜ ਕੁਮਾਰ ਦੀ ਅਗਵਾਈ ਹੇਠ ਭੰਗੜੇ ਅਤੇ ਪੰਜਾਬੀ ਲੋਕ ਸਾਜ਼ਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਭਾਰਤੀ ਟੀਮ ਦੇ ਕੁਲ 12 ਮੈਂਬਰਾਂ ਨੇ ਭਾਗ ਲਿਆ ਅਤੇ ਪ੍ਰਬੰਧਕਾਂ ਵਲੋਂ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਉਪਲਬਧੀ ’ ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਤਲਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ। ਸਰੀਰਕ ਸਿੱਖਿਆ ਤੇ ਖੇਡ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਡਾ. ਵਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਾਲ 2019 ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਇਕ ਸਾਲਾ ਡਿਪਲੋਮਾ ਇਨ ਗਤਕਾ ਕੋਚਿੰਗ ਕੋਰਸ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਲਵਿੰਦਰ ਸਿੰਘ ਇਸ ਤੋਂ ਪਹਿਲਾਂ ਵੀ ਦੁਨੀਆ ਦੇ 12 ਵੱਖ-ਵੱਖ ਦੇਸ਼ਾਂ ਵਿਚ ਗਤਕੇ ਦੀ ਪੇਸ਼ਕਾਰੀ ਕਰ ਚੁੱਕੇ ਹਨ।