ਪਿੰਡ ਬਹਿਰਾਮਪੁਰ ’ਚ ਜ਼ਮੀਨੀ ਰਸਤੇ ਨੂੰ ਲੈ ਕੇ ਚੱਲੀਆਂ ਗੋਲੀਆਂ
ਬਸੀ ਪਠਾਣਾਂ, 6 ਅਕਤੂਬਰ (ਰਜਿੰਦਰ ਸ਼ਰਮਾ)- ਬਸੀ ਪਠਾਣਾਂ ਦੇ ਨੇੜਲੇ ਪਿੰਡ ਬਹਿਰਾਮਪੁਰ ਵਿਚ ਜ਼ਮੀਨ ਦੇ ਰਸਤੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਕਥਿਤ ਤੌਰ ’ਤੇ ਗੋਲੀਬਾਰੀ ਹੋ ਗਈ। ਘਟਨਾ ਵਿਚ ਦੋਵੇਂ ਧਿਰਾਂ ਦੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਬ
ਬਸੀ ਪਠਾਣਾਂ ਪੁਲਿਸ ਥਾਣੇ ਅੱਗੇ ਪਿੰਡ ਬਹਿਰਾਮਪੁਰ ਦੇ ਪੀੜਤ ਪਰਿਵਾਰ ਦੇ ਮੈਂਬਰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਨਾਲ ਹੋਰ ਪਿੰਡ ਵਾਸੀ। (ਹੇਠਾਂ) ਘਟਨਾ ਵਾਲੀ ਥਾਂ ਤੇ ਪਏ ਗੋਲੀਆਂ ਦੇ ਖੋਲ। ਅਜੀਤ ਤਸਵੀਰਾਂ
07-10-2026
ਬਸੀ ਪਠਾਣਾਂ, 6 ਅਕਤੂਬਰ (ਰਜਿੰਦਰ ਸ਼ਰਮਾ)- ਬਸੀ ਪਠਾਣਾਂ ਦੇ ਨੇੜਲੇ ਪਿੰਡ ਬਹਿਰਾਮਪੁਰ ਵਿਚ ਜ਼ਮੀਨ ਦੇ ਰਸਤੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਕਥਿਤ ਤੌਰ ’ਤੇ ਗੋਲੀਬਾਰੀ ਹੋ ਗਈ। ਘਟਨਾ ਵਿਚ ਦੋਵੇਂ ਧਿਰਾਂ ਦੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪੀੜਤ ਧਿਰ ਦੇ ਵਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਆਪਣੇ ਪਰਿਵਾਰ ਸਮੇਤ ਕੰਬਾਈਨ ਲੈ ਕੇ ਖੇਤਾਂ ਵਿਚ ਝੋਨਾ ਵੱਢਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਰਸਤੇ ਨੂੰ ਲੈ ਕੇ ਦੂਜੀ ਧਿਰ ਨਾਲ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਘਟਨਾ ਤੋਂ ਇਕ ਦਿਨ ਪਹਿਲਾਂ ਫ਼ੋਨ ’ਤੇ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਦੀ ਸ਼ਿਕਾਇਤ ਵੀ ਥਾਣੇ ਵਿਚ ਦਿੱਤੀ ਗਈ ਸੀ। ਵਰਿੰਦਰ ਸਿੰਘ ਮੁਤਾਬਿਕ ਜਦੋਂ ਉਹ ਖੇਤ ਵਿਚ ਆਪਣੇ ਚਾਚੇ-ਤਾਏ ਦੇ ਮੁੰਡਿਆਂ ਨਾਲ ਝੋਨਾ ਵੱਢਣ ਲਈ ਕੰਬਾਈਨ ਲੈ ਕੇ ਪਹੁੰਚੇ ਤਾਂ ਦੂਜੀ ਧਿਰ ਵਲੋਂ ਕਥਿਤ ਤੌਰ ’ਤੇ 20-25 ਵਿਅਕਤੀਆਂ ਨੂੰ ਪੰਜ ਗੱਡੀਆਂ ਵਿਚ ਲਿਆ ਕੇ ਉੱਥੇ ਇਕੱਠਾ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਵਿਚਕਾਰ ਤਕਰਾਰ ਹੋਈ ਅਤੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਗਈਆਂ। ਪੀੜਤ ਧਿਰ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਸਿੱਧੀ ਗੋਲੀ ਬਾਰੀ ਕੀਤੀ ਗਈ ਅਤੇ ਉਨ੍ਹਾਂ ਨੇ ਜ਼ਮੀਨ ’ਤੇ ਲੇਟ ਕੇ ਆਪਣੀ ਜਾਨ ਬਚਾਈ। ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ੍ਹ ਮਿਲਣ ਦਾ ਵੀ ਦਾਅਵਾ ਕੀਤਾ ਗਿਆ ਹੈ। ਪੀੜਤ ਧਿਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਕਥਿਤ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਦਿੱਤੀ ਸ਼ਿਕਾਇਤ ਅਤੇ ਮਿਲੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਕੀ ਅੱਜ ਮਾਮਲਾ ਗੋਲੀ ਬਾਰੀ ਤੱਕ ਪਹੁੰਚਦਾ? ਇਸ ਘਟਨਾ ਨੇ ਪੁਲਿਸ ਦੀ ਪਿਛਲੀ ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਜੇਕਰ ਦੋਵੇਂ ਧਿਰਾਂ ਵਿਚਕਾਰ ਰਸਤੇ ਨੂੰ ਲੈ ਕੇ ਤਣਾਅ ਪਹਿਲਾਂ ਤੋਂ ਸੀ ਅਤੇ ਧਮਕੀਆਂ ਦੇਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਪਹੁੰਚ ਚੁੱਕੀ ਸੀ ਤਾਂ ਮਾਮਲਾ ਗੋਲੀਬਾਰੀ ਅਤੇ ਜ਼ਖ਼ਮੀਆਂ ਤੱਕ ਕਿਵੇਂ ਪਹੁੰਚ ਗਿਆ? ਇਹ ਸਵਾਲ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਝਗੜਾ ਹੋਇਆ ਹੈ। ਝਗੜੇ ਦੌਰਾਨ ਇਕ ਧਿਰ ਦੇ ਦੋ ਵਿਅਕਤੀ ਤੇ ਦੂਜੀ ਧਿਰ ਦਾ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ, ਜੋ ਸਰਕਾਰੀ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਜੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਨੂੰ ਕਿਸ ਨਤੀਜੇ ਤੱਕ ਪਹੁੰਚਾਉਂਦੀ ਹੈ ਅਤੇ ਪਹਿਲਾਂ ਦਿੱਤੀ ਗਈ ਸ਼ਿਕਾਇਤ, ਕਥਿਤ ਧਮਕੀਆਂ, ਗੋਲੀਬਾਰੀ ਅਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਕੀ ਕਾਰਵਾਈ ਕੀਤੀ ਜਾਂਦੀ ਹੈ।