‘ ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰਲੇ ਘਰਾਂ ਨੂੰ ਦਿੱਤੀ, ਮਾਲਕਾਨਾ ਹੱਕ ਦੀ ਕਾਪੀ-ਰਾਏ
ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਮਨਪ੍ਰੀਤ ਸਿੰਘ)-ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਪੀੜ੍ਹੀ ਦਰ ਪੀੜ੍ਹੀ ਲਾਲ ਲਕੀਰ ਦੇ ਅੰਦਰ ਆਪਣੇ ਪਿਤਾ-ਪੁਰਖੀ ਮਕਾਨਾਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਹੁਣ ਮਾਲਕਾਨਾ ਹੱਕ ਮਿਲਣੇ ਸ਼ੁਰੂ ਹੋ ਗਏ ਹਨ। ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਦੇ ਨਾਮ ਮਾਲ ਵਿਭਾਗ ਦੇ ਸਰਕਾਰੀ ਰਿਕਾਰਡ ਵਿਚ ਦਰਜ ਕੀਤੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਦੀ ਮਾਲਕੀ ਦਾ ਅਧਿਕਾਰਤ ਸਬੂਤ ਮਿਲ ਸਕੇਗਾ।
ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਮਨਪ੍ਰੀਤ ਸਿੰਘ)-ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਪੀੜ੍ਹੀ ਦਰ ਪੀੜ੍ਹੀ ਲਾਲ ਲਕੀਰ ਦੇ ਅੰਦਰ ਆਪਣੇ ਪਿਤਾ-ਪੁਰਖੀ ਮਕਾਨਾਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਹੁਣ ਮਾਲਕਾਨਾ ਹੱਕ ਮਿਲਣੇ ਸ਼ੁਰੂ ਹੋ ਗਏ ਹਨ। ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਦੇ ਨਾਮ ਮਾਲ ਵਿਭਾਗ ਦੇ ਸਰਕਾਰੀ ਰਿਕਾਰਡ ਵਿਚ ਦਰਜ ਕੀਤੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਦੀ ਮਾਲਕੀ ਦਾ ਅਧਿਕਾਰਤ ਸਬੂਤ ਮਿਲ ਸਕੇਗਾ। ਇਸੇ ਲੜੀ ਦੇ ਤਹਿਤ ਪਿੰਡ ਪਤਾਰਸੀ ਕਲਾ, ਰਜਿੰਦਰਗੜ੍ਹ, ਸਲੇਮਪੁਰ, ਸਿੰਧੜਾ, ਈਸਰਹੇਲ, ਹਿੰਦੂਪੁਰ, ਖੇੜਾ, ਦੁਭਾਲੀ, ਤਿੰਬਰਪੁਰ, ਝਾਮਪੁਰ, ਕੋਟਲਾ ਭਾਈ ਕਾ ਵਿਖੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਯੋਗ ਉਮੀਦਵਾਰਾਂ ਨੂੰ ਮਾਲਕਾਨਾ ਹੱਕ ਦੀ ਕਾਪੀ ਸੌਂਪੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਸਮਾਜ ਦੇ ਹਰ ਵਰਗ ਦੇ ਯੋਗ ਪਰਿਵਾਰਾਂ ਨੂੰ ਮਿਲੇਗਾ, ਜਿਨ੍ਹਾਂ ਦੇ ਮਕਾਨ ਲਾਲ ਲਕੀਰ ਦੇ ਅੰਦਰ ਸਥਿਤ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮਾਲਕਾਨਾ ਹੱਕ ਮਿਲਣ ਨਾਲ ਪਰਿਵਾਰਾਂ ਵਿਚਕਾਰ ਜਾਇਦਾਦ ਸਬੰਧੀ ਝਗੜਿਆਂ ਨੂੰ ਘਟਾਉਣ ਵਿਚ ਮਦਦ ਮਿਲੇਗੀ ਅਤੇ ਘਰਾਂ ਦੀ ਕਾਨੂੰਨੀ ਤੇ ਆਰਥਿਕ ਮਹੱਤਤਾ ਵਧੇਗੀ। ਇਸ ਤੋਂ ਇਲਾਵਾ, ਜਾਇਦਾਦ ਸਬੰਧੀ ਸਰਕਾਰੀ ਦਸਤਾਵੇਜ਼ ਹੋਣ ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਦਾ ਲਾਭ ਲੈਣ ਵਿਚ ਵੀ ਸੌਖ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਲਾਲ ਲਕੀਰ ਦੇ ਅੰਦਰ ਰਹਿ ਰਹੇ ਪਰਿਵਾਰਾਂ ਲਈ ਆਪਣੇ ਘਰ ਦੀ ਮਾਲਕੀ ਦਾ ਅਧਿਕਾਰਤ ਸਬੂਤ ਪ੍ਰਾਪਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦੇ ਤੇ ਪੰਚਾਇਤਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।