24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਠੇਕੇਦਾਰ ਵਲੋਂ ਅਧੂਰੀ ਛੱਡੀ ਸੜਕ 'ਤੇ ਮੀਂਹ ਕਾਰਨ ਪਏ ਟੋਇਆਂ 'ਚੋਂ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ

ਅਜੀਤ ਡੈਸਕ 01-02-2026
ਗੁਰਦਾਸਪੁਰ, 31 ਜਨਵਰੀ (ਚੱਕਰਾਜਾ)-ਕਰੀਬ 18 ਕਿੱਲੋਮੀਟਰ ਲੰਬੀ ਗੁਰਦਾਸਪੁਰ ਤੋਂ ਹਰਦੋਛੰਨੀਆਂ ਨੂੰ ਜਾਂਦੀ ਸੜਕ ਦੇ ਨਵੀਨੀਕਰਨ ਦਾ ਕੰਮ ਠੇਕੇਦਾਰ ਵਲੋਂ ਅੱਧ ਵਿਚਾਲੇ ਛੱਡਣ ਕਾਰਨ ਸੜਕ ਵਿਚਕਾਰ ਮੀਂਹ ਨਾਲ ਥਾਂ ਥਾਂ ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ | ਦੱਸਣਯੋਗ ਹੈ ਕਿ ਹਯਾਤ ਨਗਰ ਸਥਿਤ ਪੈਟਰੋਲ ਪੰਪ ਤੱਕ ਸੜਕ 'ਤੇ ਪ੍ਰੀਮਿਕਸ ਪਾ ਦਿੱਤਾ ਹੈ ਪਰ ਪੈਟਰੋਲ ਪੰਪ ਤੋਂ ਅੱਗੇ ਬਾਕੀ ਸੜਕ ਬੱਜਰ ਮਿੱਟੀ ਪਾ ਕੇ ਅਧੂਰੀ ਛੱਡ ਦਿੱਤੀ ਹੈ | ਬੀਤੇ ਦਿਨੀਂ ਪਏ ਮੀਂਹ ਕਾਰਨ ਸੜਕ 'ਤੇ ਵੱਡੇ ਟੋਏ ਪੈ ਗਏ ਹਨ ਜੋ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ | ਬੀਤੇ ਦਿਨੀਂ ਇਨ੍ਹਾਂ ਟੋਇਆਂ ਕਾਰਨ ਹੀ ਪਿੰਡ ਤੁੰਗ ਨੇੜੇ ਇਕ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ ਜੋ ਹਸਪਤਾਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ | ਜਿਹੜੀ ਸੜਕ ਮਿੱਟੀ ਬੱਜਰ ਪਾ ਕੇ ਛੱਡ ਦਿੱਤੀ ਗਈ ਹੈ, ਉਸ ਸੜਕ 'ਤੇ ਇਕ ਵੱਡੀ ਅਕੈਡਮੀ ਤੇ ਦੋ ਸਕੂਲ ਸਥਿਤ ਹਨ, ਜਿਸ ਕਾਰਨ ਸਕੂਲ ਬੱਸਾਂ ਦੀ ਆਵਾਜਾਈ ਵੀ ਇੱਧਰ ਕਾਫੀ ਹੁੰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਰੋਜ਼ ਇਸ ਸੜਕ ਤੋਂ ਵੱਡੀਆਂ ਗੱਡੀਆਂ ਗੁਜ਼ਰਨ ਤੋਂ ਬਾਅਦ ਪੱਥਰ ਟਾਇਰਾਂ ਹੇਠਾਂੇ ਆ ਕੇ ਇੱਧਰ ਉੱਧਰ ਵੱਜਦੇ ਹਨ, ਜਿਸ ਨਾਲ ਦੁਕਾਨਾਂ ਦੇ ਸ਼ੀਸ਼ੇ ਟੁੱਟ ਰਹੇ ਹਨ, ਉਥੇ ਲੋਕ ਵੀ ਜ਼ਖ਼ਮੀ ਹੋ ਰਹੇ ਹਨ | ਦੂਜੀ ਸਮੱਸਿਆ ਇਹ ਹੈ ਕਿ ਪਿੱਛੋਂ ਸੜਕ ਚੌੜੀ ਹੋ ਰਹੀ ਹੈ ਪਰ ਅੱਗੇ ਆ ਕੇ ਚੌੜਾਈ ਫੇਰ ਉੱਨੀ ਹੀ ਛੱਡ ਦਿੱਤੀ ਹੈ ਜੋ ਦੁਰਘਟਨਾਵਾਂ ਦਾ ਕਾਰਨ ਬਣੇਗੀ | ਉਨ੍ਹਾਂ ਮੰਗ ਕੀਤੀ ਕਿ ਜਲਦ ਇਸ ਸੜਕ ਨੂੰ ਪੂਰੀ ਬਣਾਇਆ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ | ਇਸ ਸੰਬੰਧੀ ਪੀ. ਡਬਲਿਊ. ਡੀ. ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਠੇਕੇਦਾਰ ਕੋਲ ਜਿੰਨੀ ਲੁੱਕ ਉਪਲਬਧ ਸੀ, ਸੜਕ 'ਤੇ ਪਾ ਦਿੱਤੀ ਹੈ ਅਤੇ ਸੜਕ 'ਤੇ ਲੁੱਕ ਦੀ ਇਕ ਹੋਰ ਪਰਤ ਪੈਣੀ ਬਾਕੀ ਹੈ, ਕਿਉਂਕਿ ਲੁੱਕ ਦੇ ਪਲਾਂਟ 15 ਤਰੀਕ ਤੋਂ ਬਾਅਦ ਚੱਲਣਗੇ, ਉਸ ਤੋਂ ਬਾਅਦ ਹੀ ਸੜਕ ਮੁਕੰਮਲ ਕੀਤੀ ਜਾ ਸਕਦੀ ਹੈ | ਪਰ ਜਿੱਥੋਂ ਤੱਕ ਬਾਰਿਸ਼ ਕਾਰਨ ਟੋਏ ਪੈਣ ਦਾ ਸਵਾਲ ਹੈ, ਠੇਕੇਦਾਰ ਨੂੰ ਜਲਦ ਉਨ੍ਹਾਂ ਟੋਇਆਂ ਦਾ ਹੱਲ ਕਰਨ ਲਈ ਹਦਾਇਤ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਪਰਾਲੀ ਨਾਲ ਲੱਦੀ ਟਰਾਲੀ ਕਾਰ ਉੱਪਰ ਪਲਟੀ, ਭਾਰੀ ਨੁਕਸਾਨ ਅਗਲੀ ਖ਼ਬਰ ਤਾਲਿਬਪੁਰ ਪੰਡੋਰੀ ਵਿਖੇ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।