ਕਲਾਨੌਰ, 12 ਫਰਵਰੀ (ਪੁਰੇਵਾਲ)-ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਅਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸਾਂਝੇ ਉਪਰਾਲੇ ਤਹਿਤ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ 15 ਫਰਵਰੀ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਮੇਲਾ ਮਹਾਂਸ਼ਿਵਰਾਤਰੀ ਮੌਕੇ ਸ਼ਿਵ ਮੰਦਿਰ ਦੇ ਅੰਦਰ ਨਵੇਂ ਹਾਲ 'ਚ ਹੋਣ ਵਾਲੇ ਇਸ ਖੂਨਦਾਨ ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਸੁਸਾਇਟੀਆਂ ਵਲੋਂ ਕੈਂਸਰ ਪੀੜ੍ਹਤ ਮਰੀਜ਼ਾਂ, ਥੈਲਾਸੀਮੀਆ ਨਾਲ ਪੀੜਤ ਬੱਚਿਆਂ ਅਤੇ ਹੋਰਨਾਂ ਲੋੜਵੰਦਾਂ ਲਈ ਸਮਾਜਸੇਵਕਾਂ ਦੀ ਮਦਦ ਨਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਜਿਸ 'ਚ ਡੋਨਰਾਂ ਵਲੋਂ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚਲਦਾ ਰਹੇਗਾ, ਜਿਸ 'ਚ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਅਤੇ ਸਿਵਲ ਹਸਪਤਾਲ ਬਲੱਡ ਬੈਂਕ ਅੰਮਿ੍ਤਸਰ ਦੀਆਂ ਟੀਮਾਂ ਪਹੁੰਚ ਰਹੀਆਂ ਹਨ |