ਗੁਰਦਾਸਪੁਰ, 13 ਫਰਵਰੀ (ਅਸ਼ੋਕ ਸ਼ਰਮਾ)-ਬਾਬਾ ਬੰਦਾ ਸਿੰਘ ਬਹਾਦਰ ਟਰਮੀਨਲ ਬੱਸ ਅੱਡਾ ਗੁਰਦਾਸਪੁਰ ਅਜੇ ਵੀ ਅਨੇਕਾਂ ਸਹੂਲਤਾਂ ਤੋਂ ਵਾਂਝਾ ਹੈ ਅਤੇ ਥਾਂ-ਥਾਂ ਤੋਂ ਪਾਣੀ ਲੀਕ ਹੋਣ ਕਾਰਨ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਬੱਸ ਅੱਡੇ ਦੇ ਪਿਛਲੇ ਪਾਸੇ ਸਫ਼ਾਈ ਦਾ ਵੀ ਮੰਦਾ ਹਾਲ ਹੈ | ਜਾਣਕਾਰੀ ਅਨੁਸਾਰ ਬੱਸ ਅੱਡੇ ਦੀ ਉਸਾਰੀ ਪੰਜਾਬ ਸਰਕਾਰ ਨੇ 2023 ਵਿਚ 14.92 ਕਰੋੜ ਰੁਪਏ ਖ਼ਰਚ ਕਰਕੇ ਕਰਵਾਈ ਸੀ | ਜਦੋਂ ਕਿ ਉਸ ਸਮੇਂ ਤੋਂ ਹੀ ਬੱਸ ਅੱਡੇ 'ਤੇ ਕਾਫ਼ੀ ਸਮੱਸਿਆਵਾਂ ਹਨ ਅਤੇ ਪਹਿਲਾਂ ਪਾਖ਼ਾਨੇ ਬੰਦ ਰਹਿੰਦੇ ਸਨ | ਜਦੋਂਕਿ ਹੁਣ ਕੁਝ ਪਖ਼ਾਨੇ ਚਾਲੂ ਹੋ ਗਏ ਹਨ | ਇਥੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਅਤੇ ਪਾਣੀ ਬੱਸ ਅੱਡੇ ਦੇ ਪਿਛਲੇ ਪਾਸੇ ਖੁੱਲੇ੍ਹ ਰੂਪ ਵਿਚ ਫਿਰ ਰਿਹਾ ਹੈ ਜੋ ਕਈ ਤਰ੍ਹਾਂ ਦੀਆ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਸ ਸਬੰਧੀ ਬੱਸ ਅੱਡੇ 'ਤੇ ਕੰਮ ਕਰਦੇ ਮੁਲਾਜ਼ਮਾਂ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਬੱਸ ਅੱਡੇ 'ਤੇ ਅਜੇ ਵੀ ਕਾਫ਼ੀ ਕਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕੁਝ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਸਨ | ਜਿਸ ਤੋਂ ਬਾਅਦ ਥੋੜਾ ਬਹੁਤ ਸੁਧਾਰ ਹੋਇਆ ਸੀ, ਪਰ ਹੁਣ ਦੁਬਾਰਾ ਪਹਿਲਾਂ ਵਾਲੀ ਸਥਿਤੀ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਪੀਣ ਯੋਗ ਪਾਣੀ ਬਹੁਤ ਮਾੜਾ ਹੈ ਜੋ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ | ਇਸ ਲਈ ਬੱਸ ਅੱਡੇ 'ਤੇ ਲੋਕਾਂ ਦੀ ਸਹੂਲਤ ਲਈ ਸ਼ੁੱਧ ਪੀਣ ਯੋਗ ਪਾਣੀ ਦੇ ਪ੍ਰਬੰਧ ਲਈ ਆਰ. ਓ. ਫਿਲਟਰ ਲਗਾਏ ਜਾਣ, ਕਿਉਂਕਿ ਅੱਗੇ ਗਰਮੀ ਦਾ ਮੌਸਮ ਹੋ ਆ ਰਿਹਾ ਹੈ ਤੇ ਲੋਕਾਂ ਨੰੂ ਪਾਣੀ ਦੀ ਜਿਆਦਾ ਲੋੜ ਪੈਣੀ ਹੈ | ਇਸ ਤੋਂ ਇਲਾਵਾ ਇਥੇ ਸਮਰਸ਼ੀਬਲ ਦਾ ਡੂੰਘਾ ਬੋਰ ਵੀ ਲਗਾਇਆ ਜਾਵੇ ਤੇ ਬੱਸ ਅੱਡੇ ਦੀ ਪਿਛਲੇ ਪਾਸੇ ਲਗਾਏ ਰੁੱਖ ਪਾਣੀ ਤੋਂ ਬਿਨਾਂ ਸੁੱਕ ਰਹੇ ਹਨ, ਜਿਨ੍ਹਾਂ ਦੀ ਸੰਭਾਲ ਲਈ ਕੋਈ ਵੀ ਕਰਮਚਾਰੀ ਨਹੀਂ ਹੈ | ਇਸ ਮੌਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਰਾਤ ਸਮੇਂ ਇਸ ਬੱਸ ਅੱਡੇ ਤੋਂ ਕੋਈ ਵੀ ਬੱਸ ਸਰਵਿਸ ਨਾ ਚੱਲਣ ਕਾਰਨ ਬੱਚਿਆਂ ਨੰੂ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ ਤੇ ਉਨ੍ਹਾਂ ਨੰੂ ਟੈਕਸੀ ਆਦਿ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਪੈਂਦਾ ਹੈ | ਉਨ੍ਹਾਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਪਾਸੋਂ ਮੰਗ ਕੀਤੀ ਕਿ ਰਾਤ ਸਮੇਂ ਵੀ ਗੁਰਦਾਸਪੁਰ ਤੋਂ ਬੱਸ ਸਰਵਿਸ ਚਾਲੂ ਕੀਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬੱਸ ਅੱਡੇ ਗੁਰਦਾਸਪੁਰ ਅੰਦਰ ਪਾਈਆਂ ਜਾ ਰਹੀਆਂ ਕਮੀਆਂ ਨੂੰ ਦੂਰ ਕਰਨ ਸਮੇਤ ਹਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ |