ਗੁਰਦਾਸਪੁਰ, 13 ਫਰਵਰੀ (ਪੰਕਜ ਸ਼ਰਮਾ)-ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿਚ ਪੰਜਾਬ ਰੋਡਵੇਜ਼ ਦਾ ਬੱਸ ਡੀਪੂ ਮਨਜ਼ੂਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਇੰਪਰੂਵਮੈਂਟ ਟਰੱਸਟ ਵਲੋਂ ਨਵਾਂ ਬੱਸ ਸਟੈਂਡ ਤਿਆਰ ਕਰਵਾਇਆ ਗਿਆ ਸੀ ਜੋ ਇਸ ਸਮੇਂ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ | ਇਸ ਬੱਸ ਸਟੈਂਡ ਤੋਂ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਤੋਂ ਇਲਾਵਾ ਦਿੱਲੀ, ਜੰਮੂ-ਕਸ਼ਮੀਰ ਅਤੇ ਕੱਟੜਾ ਵੱਲ ਬੱਸ ਸੇਵਾਵਾਂ ਚੱਲ ਰਹੀਆਂ ਹਨ | ਇਸ ਰੂਟ 'ਤੇ ਯਾਤਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਇੱਥੇ ਪੰਜਾਬ ਰੋਡਵੇਜ਼ ਦਾ ਡੀਪੂ ਸਥਾਪਿਤ ਕੀਤਾ ਜਾਵੇ, ਤਾਂ ਜੋ ਲੰਮੇ ਰੂਟਾਂ ਲਈ ਹੋਰ ਬੱਸਾਂ ਚਲਾਈਆਂ ਜਾ ਸਕਣ ਅਤੇ ਯਾਤਰੀਆਂ ਨੂੰ ਬਿਹਤਰ ਤੇ ਸੁਵਿਧਾਜਨਕ ਸੇਵਾ ਪ੍ਰਦਾਨ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਡੀਪੂ ਦੀ ਸਥਾਪਨਾ ਨਾਲ ਸਰਕਾਰ ਦੀ ਆਮਦਨ 'ਚ ਵਾਧਾ ਹੋਵੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਉਪਲੱਬਧ ਹੋਣਗੇ | ਉਨ੍ਹਾਂ ਮੁੱਖ ਮੰਤਰੀ ਕੋਲ ਬੇਨਤੀ ਕੀਤੀ ਕਿ ਸਬੰਧਿਤ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਵਿਚ ਪੰਜਾਬ ਰੋਡਵੇਜ਼ ਦਾ ਡੀਪੂ ਸਥਾਪਿਤ ਕਰਨ ਦੀ ਕਾਰਵਾਈ ਜਲਦ ਸ਼ੁਰੂ ਕਰਵਾਈ ਜਾਵੇ |