17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਵਾਲਿਆਂ ਦੀ ਬਰਸੀ 'ਤੇ ਵਿਸ਼ੇਸ਼

ਅਜੀਤ ਡੈਸਕ 14-02-2026
ਬਟਾਲਾ-ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਵਾਲਿਆਂ ਦਾ ਜਨਮ 20ਵੀਂ ਸਦੀ ਦੇ ਆਰੰਭ ਵਿਚ ਮਾਤਾ ਜਵਾਲਾ ਕੌਰ ਦੀ ਕੁੱਖੋਂ ਗੰਡਾ ਸਿੰਘ ਦੇ ਗ੍ਰਹਿ ਪਿੰਡ ਭਾਗੋਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ | ਆਪ ਬਚਪਨ ਤੋਂ ਹੀ ਸਾਧੂ ਸੁਭਾਅ ਸਨ ਅਤੇ ਪਿੰਡ ਵਿਚ ਰਹਿੰਦੇ ਇਕ ਨਾਗੇ ਸਾਧੂ ਦੀ ਸੰਗਤ ਕਰਿਆ ਕਰਦੇ ਸਨ | ਸਾਧੂ ਦੀ ਸੰਗਤ ਕਰ ਕੇ ਆਪ ਗੁਰਬਾਣੀ ਅਤੇ ਨਾਮ ਨਾਲ ਜੁੜ ਗਏ, ਜਦੋਂ ਆਪ ਜਵਾਨ ਹੋਏ ਤਾਂ ਪਰਿਵਾਰ ਵਲੋਂ ਵਿਆਹ ਕਰਨ ਦੀ ਗੱਲ ਕੀਤੀ ਤਾਂ ਆਪ ਵਲੋਂ ਵਿਆਹ ਨੂੰ ਨਾਂਅ ਕਰਦਿਆਂ ਬਿਹੰਗਮ ਪਹਿਰਾ ਧਾਰਨ ਕਰਨ ਦਾ ਪ੍ਰਣ ਕੀਤਾ | ਦੇਸ਼ ਦੀ ਆਜ਼ਾਦੀ ਲਈ ਸਤਿਗੁਰੂ ਰਾਮ ਸਿੰਘ ਵਲੋਂ ਚਲਾਈ ਗਈ ਨਾਮਧਾਰੀ ਕੂਕਾ ਲਹਿਰ ਤੋਂ ਪ੍ਰਭਾਵਿਤ ਹੋ ਕੇ ਨਾਮਧਾਰੀ ਪੰਥ ਨਾਲ ਜੁੜ ਗਏ | ਸੰਤਾਂ ਵਲੋਂ ਸਾਰੀ ਉਮਰ ਸਤਿਗੁਰੂ ਰਾਮ ਸਿੰਘ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਦਾ ਪ੍ਰਚਾਰ ਦੇਸ਼-ਵਿਦੇਸ਼ਾਂ ਵਿਚ ਕੀਤਾ | ਸੰਤ ਜੀ ਕਿਸੇ ਇਕ ਥਾਂ 'ਤੇ ਟਿਕਾਣਾ ਨਹੀਂ ਕਰਦੇ ਸਨ, ਇਸ ਲਈ ਇਨ੍ਹਾਂ ਨੂੰ ਚੱਕਰਵਰਤੀ ਸੰਤ ਆਖਦੇ ਸਨ | ਗੁਰਬਾਣੀ ਦਾ ਪ੍ਰਚਾਰ ਕਰਦਿਆਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਦੇ ਪਿੰਡ ਕਤਨੀਪੁਰਾ ਵਿਖੇ ਰਾਤ ਦੇ ਦੀਵਾਨ ਵਿਚ ਸੰਤਾਂ ਨੇ ਕਿਹਾ ਕਿ ਸਵੇਰ ਤੱਕ ਇਸ ਸੰਗਤ ਵਿਚ ਇਕ ਜੀਅ ਸਾਡੇ ਵਿਚੋਂ ਨਹੀਂ ਹੋਵੇਗਾ | ਜਦੋਂ ਸਵੇਰ ਹੋਈ ਤਾਂ ਚਰਚਾ ਚੱਲ ਪਈ ਕਿ ਸੰਤ ਜੀ ਚੋਲਾ ਤਿਆਗ ਗਏ ਹਨ | ਸੰਤਾਂ ਨੇ ਪਹਿਲਾਂ ਹੀ ਦਿੱਲੀ ਦੇ ਸਿੱਖ ਹਰਦੇਵ ਸਿੰਘ ਨੂੰ ਆਪਣਾ ਸਸਕਾਰ ਭੈਣੀ ਸਾਹਿਬ ਕਰਨ ਲਈ ਕਿਹਾ ਸੀ | ਇਸ ਲਈ ਸੰਤਾਂ ਦਾ ਸਸਕਾਰ ਭੈਣੀ ਸਾਹਿਬ ਵਿਖੇ ਕੀਤਾ ਗਿਆ | ਸੰਤਾਂ ਦੇ ਹਮਉਮਰ ਸਾਥੀ ਸੰਤ ਤੇਜਾ ਸਿੰਘ ਜੀ ਜਿਨਾਂ ਸੰਤਾਂ ਦੇ ਨਾਲ ਤਪੱਸਿਆ ਕਰਦਿਆਂ 16 ਸਾਲ ਸੰਤਾਂ ਦੇ ਲਾਂਗਰੀ ਵਜੋਂ ਸੇਵਾ ਕੀਤੀ | ਸੰਤਾਂ ਦੀ ਯਾਦ ਵਿਚ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਦੇ ਪਿੰਡ ਕਤਨੀਪੁਰਾ ਅਤੇ ਪਿੰਡ ਬਰਕੀ ਸਰਾਂ ਵਿਖੇ ਸੁੰਦਰ ਗੁਰਦੁਆਰਾ ਸਾਹਿਬ ਬਣਾਏ ਗਏ ਹਨ | ਇਸੇ ਤਰ੍ਹਾਂ ਸੰਤ ਬਾਬਾ ਮੋਹਨ ਸਿੰਘ ਦੀ ਯਾਦ ਵਿਚ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਭੜੋਲਿਆਂ ਵਾਲੀ ਵਿਖੇ ਵੀ ਸੁੰਦਰ 7 ਮੰਜ਼ਿਲਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ | ਸੰਤਾਂ ਦੇ ਸਾਥੀ ਸੰਤ ਬਾਬਾ ਤੇਜਾ ਸਿੰਘ ਵਲੋਂ ਸੰਤਾਂ ਦੀ ਯਾਦ ਵਿਚ ਡੇਰਾ ਬਾਬਾ ਨਾਨਕ ਰੋਡ ਭਾਗੋਵਾਲ ਖੁਰਦ ਵਿਖੇ ਵੀ 7 ਮੰਜਿਲਾਂ ਗੁਰਦੁਆਰਾ ਸਾਹਿਬ ਤਿਆਰ ਕਰਵਾਇਆ ਗਿਆ ਹੈ | ਸੰਤ ਤੇਜਾ ਸਿੰਘ ਤੋਂ ਬਾਅਦ ਸੰਤਾਂ ਦੇ ਭਤੀਜੇ ਬਾਬਾ ਹਰਭਜਨ ਸਿੰਘ ਵਲੋਂ ਸੇਵਾ ਨਿਭਾਈ ਗਈ ਅਤੇ ਹੁਣ ਸੰਤਾਂ ਦੇ ਭਤੀਜੇ ਬਾਬਾ ਸਰਬਜੀਤ ਸਿੰਘ ਸੇਵਾ ਕਰ ਰਹੇ ਹਨ, ਜਿਨਾਂ ਦੀ ਅਗਵਾਈ ਵਿਚ ਅੱਜ 14 ਫਰਵਰੀ ਦਿਨ ਸ਼ਨੀਵਾਰ ਨੂੰ ਸੰਤ ਬਾਬਾ ਮੋਹਨ ਸਿੰਘ ਦੀ ਬਰਸੀ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ, ਜਿਸ ਵਿਚ ਪੰਜਾਬ ਤੋਂ ਇਲਾਵਾ, ਮੱਧ ਪ੍ਰਦੇਸ਼, ਹਰਿਆਣਾ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਹਾਜ਼ਰੀ ਭਰਨਗੀਆਂ |
-ਸਤਿੰਦਰ ਸਿੰਘ
ਪਿਛਲੀ ਖ਼ਬਰ ਪੰਜਾਬ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਸਮਾਂ-ਜਤਿੰਦਰ ਕੌਰ ਰੰਧਾਵਾ ਅਗਲੀ ਖ਼ਬਰ ਜਥੇ. ਬਲਜਿੰਦਰ ਸਿੰਘ ਬੱਜੂਮਾਨ ਤੇ ਸਾਥੀਆਂ ਵਲੋਂ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।