ਗੁਰਦਾਸਪੁਰ, 13 ਫਰਵਰੀ (ਚੱਕਰਾਜਾ)-ਟ੍ਰੈਫਿਕ ਪੁਲਿਸ ਵਲੋਂ ਸੇਫ਼ ਸਕੂਲ ਵਾਹਨ ਪਾਲਿਸੀ ਅਤੇ ਰੋਡ ਸੇਫ਼ਟੀ ਤਹਿਤ ਵੱਖ-ਵੱਖ ਜਗਾ 'ਤੇ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਬੱਸਾਂ ਵਿਚ ਲੱਗੇ ਜੀ.ਪੀ.ਐਸ ਕੈਮਰਿਆਂ, ਅੱਗ ਬੁਝਾਊ ਯੰਤਰਾਂ ਅਤੇ ਗਰਿੱਲ ਆਦਿ ਚੈੱਕ ਕੀਤੇ ਗਏ | ਜਦੋਂ ਕਿ ਡਰਾਈਵਰਾਂ, ਹੈਲਪਰਾਂ ਦੀ ਨੇਮ ਪਲੇਟਾਂ, ਵਰਦੀ ਲਾਇਸੈਂਸ ਚੈੱਕ ਕੀਤੇ ਗਏ ਅਤੇ ਅਧੂਰੇ ਕਾਗ਼ਜ਼ਾਤ ਵਾਲੀਆਂ ਗੱਡੀਆਂ ਦੇ ਚਲਾਨ ਵੀ ਕੀਤੇ ਗਏ | ਉਨ੍ਹਾਂ ਨੇ ਬੱਚਿਆਂ ਨੰੂ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ 'ਤੇ ਅਮਲ ਕਰਨ ਦੀ ਹਦਾਇਤ ਕੀਤੀ ਗਈ | ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਲਈ ਹੈਲਪ ਲਾਈਨ ਨੰਬਰ 112, 1033 ਅਤੇ 1930 ਬਾਰੇ ਜਾਗਰੂਕ ਕਰਦਿਆਂ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਤੇ ਪੁਲਿਸ ਸਹਾਇਤਾ ਲਈ ਅੱਗੇ ਆਉਣ ਲਈ ਕਿਹਾ ਗਿਆ | ਇਸ ਮੌਕੇ ਬਿਕਰਮਜੀਤ ਸਿੰਘ, ਸੁਰਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ |