ਵਡਾਲਾ ਗ੍ਰੰਥੀਆਂ/ਊਧਨਵਾਲ, 15 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ, ਪਰਗਟ ਸਿੰਘ)-ਬਰੈਂਪਟਨ (ਕੈਨੇਡਾ) ਤੋਂ ਵਿਧਾਇਕ ਅਮਰਜੋਤ ਸਿੰਘ ਸੰਧੂ ਦਾ ਨਜ਼ਦੀਕੀ ਪਿੰਡ ਸ਼ਾਹਬਾਦ ਵਿਖੇ ਕਾਂਗਰਸ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਹਰਵਿੰਦਰਪਾਲ ਸਿੰਘ ਅਤੇ ਮਾਸਟਰ ਮਨਪ੍ਰੀਤ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਪਹੁੰਚਣ ਮੌਕੇ ਭਰਵਾਂ ਸਵਾਗਤ ਕੀਤਾ ਗਿਆ | ਇਲਾਕੇ ਦੇ ਆਗੂਆਂ ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਵਿਧਾਇਕ ਸੰਧੂ ਨੇ ਕਿਹਾ ਕਿ ਕੈਨੇਡਾ ਦੀ ਤਰੱਕੀ ਵਿਚ ਪੰਜਾਬੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਹ ਖੁਦ 2008 ਵਿਚ ਵਿਦਿਆਰਥੀ ਵਜੋਂ ਕੈਨੇਡਾ ਗਏ ਸਨ ਅਤੇ ਉਥੇ ਰਹਿੰਦੇ ਹੋਏ ਗੁਰਪ੍ਰੀਤ ਸਿੰਘ ਵਿਰਕ (ਸਾਬੀ ਕੋਕਲਪੁਰ) ਸਮੇਤ ਆਪਣੇ ਸਾਥੀਆਂ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਫੈਡਰੇਸ਼ਨ ਦੀ ਸਥਾਪਨਾ ਕਰ ਕੇ ਵਿਦਿਆਰਥੀਆਂ ਦੀ ਭਲਾਈ ਲਈ ਅਹਿਮ ਯਤਨ ਕੀਤੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਸੰਗਠਿਤ ਅਤੇ ਸੁਚਿੰਤਿਤ ਕੋਸ਼ਿਸ਼ਾਂ ਨਾਲ ਹੀ ਸੰਭਵ ਹੈ | ਇਕ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਨੇ ਕਦੇ ਵੀ ਮਿਹਨਤੀ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ | ਉਨ੍ਹਾਂ ਵਿਸਵਾਸ ਪ੍ਰਗਟਾਇਆ ਕਿ ਵਿਦਿਆਰਥੀਆਂ ਲਈ ਭਵਿੱਖ ਵਿਚ ਵੀ ਚੰਗੇ ਮੌਕੇ ਉਪਲੱਬਧ ਰਹਿਣਗੇ ਅਤੇ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ, ਉਨ੍ਹਾਂ ਸਬੰਧੀ ਵੀ ਸਰਕਾਰ ਹਮਦਰਦੀਪੂਰਵਕ ਫੈਸਲੇ ਕਰੇਗੀ | ਉਨ੍ਹਾਂ ਕਿਹਾ ਕਿ ਕੈਨੇਡਾ ਕੁਦਰਤੀ ਸਰੋਤਾਂ ਨਾਲ ਮਾਲਾਮਾਲ ਦੇਸ ਹੈ ਅਤੇ ਉੱਥੇ ਇਮਾਨਦਾਰੀ ਨਾਲ ਮਿਹਨਤ ਕਰਨ ਵਾਲਾ ਹਰ ਵਿਅਕਤੀ ਆਪਣਾ ਮਕਸਦ ਹਾਸਲ ਕਰ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮਾਝਾ ਖੇਤਰ ਨਾਲ ਸੰਬੰਧ ਹੋਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਵਿਦੇਸ਼ ਦੀ ਧਰਤੀ 'ਤੇ ਕਿਰਤ ਦੇ ਨਾਲ-ਨਾਲ ਰਾਜਨੀਤਿਕ ਖੇਤਰ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਉਹ ਕਾਮਯਾਬ ਰਹੇ ਹਨ | ਇਸ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ, ਮੁਖਵੰਤ ਸਿੰਘ ਕਾਹਲੋਂ ਸਾਬਕਾ ਡਾਇਰੈਕਟਰ, ਸ਼ਾਹਬਾਦ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ ਅਤੇ ਸੁਭਪ੍ਰੀਤ ਸਿੰਘ ਕਾਹਲੋਂ ਵਲੋਂ ਵਿਧਾਇਕ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ, ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ, ਗੁਰਜਿੰਦਰ ਸਿੰਘ ਪੱਡਾ, ਹਰਵਿੰਦਰ ਸਿੰਘ ਕਾਹਲੋਂ, ਡਾ. ਗੁਰਨਾਮ ਸਿੰਘ ਚੀਮਾ, ਪ੍ਰੋ. ਬਲਜੀਤ ਸਿੰਘ, ਗੋਪੀ ਨੰਬਰਦਾਰ, ਤੇਜਪ੍ਰਤਾਪ ਸਿੰਘ ਕਾਹਲੋਂ, ਜਗਦੀਸ਼ ਸਿੰਘ ਮੱਲ੍ਹੀ, ਜੇ.ਈ. ਕੁਲਬੀਰ ਸਿੰਘ, ਜੇ.ਈ. ਸੁੱਚਾ ਸਿੰਘ, ਸੁਖਵਿੰਦਰ ਸਿੰਘ ਕਾਹਲੋਂ, ਸਿਮਰਜੀਤ ਸਿੰਘ ਵਰ, ਲਵਪ੍ਰੀਤ ਸਿੰਘ ਵਰ, ਗੁਰਬਖਸ਼ ਸਿੰਘ ਸੰਗਤਪੁਰ, ਗੁਰਦਿਆਲ ਸਿੰਘ, ਬਿਕਰਮਜੀਤ ਸਿੰਘ ਕਾਹਲੋਂ ਅਤੇ ਸੰਤੋਸ਼ ਕੁਮਾਰ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ |