ਤਿੱਬੜ, 18 ਫਰਵਰੀ (ਸੋਹਨ ਮਲਿਕ)-ਇਕ ਸਧਾਰਨ ਸਿੱਖ ਪਰਿਵਾਰ 'ਚੋਂ ਨਵਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਪਟਵਾਰੀ ਪਿੰਡ ਭੁੰਬਲੀ ਜ਼ਿਲ੍ਹਾ ਗੁਰਦਾਸਪੁਰ ਨੇ ਗੁਰੂ ਸਾਹਿਬ ਵਲੋਂ ਦਿੱਤੀ ਗਈ ਸਿੱਖਿਆ 'ਤੇ ਚੱਲਦੇ ਹੋਏ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਮਿਸਾਲ ਪੇਸ਼ ਕੀਤੀ ਹੈ | ਨਵਦੀਪ ਸਿੰਘ ਪੰਜਾਬ 'ਚੋਂ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ 'ਚ ਕੰਮ ਕਰਨ ਜਾਣ ਵਾਲੇ ਬੱਚਿਆਂ ਨੰੂ ਹੱਥੀਂ ਕਿਰਤ ਕਰਨ ਲਈ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਦੀ ਸੋਚ ਹੈ ਕਿ ਪੰਜਾਬ ਨੂੰ ਦੁਨੀਆ ਭਰ 'ਚ ਸੋਨੇ ਦੀ ਚਿੜੀ ਤੇ ਇਕ ਪੰਜਾਬੀ ਨੂੰ ਅੰਨਦਾਤਾ ਮੰਨਿਆ ਜਾਂਦਾ ਹੈ | ਪਰ ਅਫਸੋਸ ਦੀ ਗੱਲ ਹੈ ਕਿ ਅੱਜ ਦਾ ਅੰਨਦਾਤਾ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ 'ਚ ਕੰਮ ਕਰਨ ਨੂੰ ਪਹਿਲ ਦੇ ਰਿਹਾ ਹੈ | ਨਵਦੀਪ ਸਿੰਘ ਵਲੋਂ ਪਿੰਡ ਭੁੰਬਲੀ ਵਿਖੇ ਇਕ ਮੁਰਗ਼ੀ ਪਾਲਨ ਦਾ ਕਿੱਤਾ ਸ਼ੁਰੂ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਰਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ ਜਾਣ ਦੀ ਬਜਾਏ ਆਪਣੇ ਪੰਜਾਬ ਵਿਚ ਹੀ ਕਾਰੋਬਾਰ ਸ਼ੁਰੂ ਕਰਨ ਦੀ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਨੇ ਆਪਣੇ ਪਿੰਡ ਵਿਚ ਹੀ 14-15 ਲੱਖ ਦੀ ਲਾਗਤ ਨਾਲ ਇਕ ਵਧੀਆ ਮੁਰਗ਼ੀਖ਼ਾਨਾ ਤਿਆਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ 5000 ਚੂਚਿਆਂ ਦੇ ਬੱਚੇ ਪਾਏ ਹਨ | ਇਸ ਕੰਮ 'ਚ ਨਵਦੀਪ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਤੇ ਪਰਿਵਾਰ ਦੇ ਮੈਂਬਰ ਵੀ ਸਹਿਯੋਗ ਦੇ ਰਹੇ ਹਨ | ਇਸ ਮੌਕੇ ਲਖਵਿੰਦਰ ਸਿੰਘ ਭੁੰਬਲੀ ਅਤੇ ਅਮਰੀਕ ਸਿੰਘ ਸਰਸਪੁਰ ਹਾਜ਼ਰ ਸਨ |