31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ 'ਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਬੱਚੇ ਜਾਗਰੂਕ ਕੀਤੇ

ਅਜੀਤ ਡੈਸਕ 22-02-2026
ਕਲਾਨੌਰ, 21 ਫਰਵਰੀ (ਪੁਰੇਵਾਲ)-ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿਖੇ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਅਤੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਸੰਦੀਪ ਚੰਚਲ, ਪ੍ਰੋ. ਸੁਖਵਿੰਦਰ ਕੌਰ ਦੇ ਯਤਨਾ ਸਦਕਾ 'ਕੌਮਾਂਤਰੀ ਮਾਤ ਭਾਸ਼ਾ ਦਿਵਸ' ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ 'ਚ ਕਾਲਜ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਪ੍ਰੋ. ਸੰਦੀਪ ਚੰਚਲ ਨੇ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਨੂੰ ਇਕ ਬੱਚਾ ਆਪਣੇ ਆਲੇ-ਦੁਆਲੇ ਤੋਂ ਸਹਿਜ ਸੁਭਾਵਿਕ ਹੀ ਸਿੱਖ ਲੈਂਦਾ ਹੈ ਅਤੇ ਭਾਵਾਂ ਨੂੰ ਬਿਆਨ ਕਰਨ ਲਈ ਸਭ ਤੋਂ ਉੱਤਮ ਸਾਧਨ ਹੈ | ਉਨ੍ਹਾਂ ਇਸ ਦਿਵਸ ਦੇ ਪਿਛੋਕੜ ਸੰਬੰਧੀ ਚਰਚਾ ਕਰਦਿਆਂ ਕਿਹਾ ਕਿ ਇਹ ਦਿਨ 1952 ਦੀ 21 ਫਰਵਰੀ ਦੀ ਪ੍ਰਤੀਨਿਧਤਾ ਕਰਦਾ ਹੈ, ਜਦੋਂ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ ਤੇ ਢਾਕਾ ਮੈਡੀਕਲ ਕਾਲਜ ਦੇ ਵਿਦਿਆਰਥੀ ਉਸ ਸਮੇਂ ਪਾਕਿਸਤਾਨ ਵਿਚ ਉਰਦੂ ਤੋਂ ਇਲਾਵਾ ਬੰਗਾਲੀ ਭਾਸ਼ਾ ਨੂੰ ਵੀ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿਵਾਉਣ ਲਈ ਮੁਜ਼ਾਹਰਾ ਕਰ ਰਹੇ ਸਨ ਤਾਂ ਪੁਲਿਸ ਦੀ ਗੋਲੀਬਾਰੀ ਦੇ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ ਸਨ | ਉਨ੍ਹਾਂ ਦੀ ਯਾਦ ਵਿਚ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਲਿਆ ਗਿਆ ਤੇ ਫਰਵਰੀ 2000 ਤੋਂ ਸਭਿਆਚਾਰਕ ਅਤੇ ਭਾਸ਼ਾਈ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਇਹ ਦਿਹਾੜਾ ਸਾਰੇ ਸੰਸਾਰ ਵਿਚ ਮਨਾਇਆ ਜਾਣ ਲੱਗਾ | ਇਸ ਦੌਰਾਨ ਪ੍ਰੋਫ਼ੈਸਰ ਅਸ਼ਵਨੀ ਕੁਮਾਰ ਨੇ ਮਾਤ ਭਾਸ਼ਾ ਸਬੰਧੀ ਵਿਚਾਰ ਦਿੰਦਿਆਂ ਕਿਹਾ ਕਿ ਵਿਸ਼ਵੀਕਰਨ ਦੌਰ ਵਿਚ ਕੌਮਾਂਤਰੀ ਪੱਧਰ 'ਤੇ ਵਿਚਰਨ ਲਈ ਹੋਰਨਾਂ ਭਾਸ਼ਾਵਾਂ ਨੂੰ ਸਿੱਖਣਾ ਵੀ ਜ਼ਰੂਰੀ ਹੋ ਗਿਆ ਹੈ, ਪ੍ਰੰਤੂ ਇਸ ਪ੍ਰਕਿਰਿਆ ਲਈ ਵੀ ਮਾਤ ਭਾਸ਼ਾ ਦਾ ਗਿਆਨ ਹੋਣਾ ਅਤਿ ਲਾਜ਼ਮੀ ਹੈ ਕਿਉਂਕਿ ਇਕ ਮਾਤ ਭਾਸ਼ਾ ਦਾ ਗਿਆਤਾ ਹੀ ਹੋਰਨਾਂ ਭਾਸ਼ਾਵਾਂ ਨੂੰ ਜਲਦੀ ਸਿੱਖ ਸਕਦਾ ਹੈ | ਕਾਲਜ ਦੀ ਵਿਦਿਆਰਥਣ ਮਹਿਕਦੀਪ ਕੌਰ, ਅਰਸ਼ਦੀਪ ਕੌਰ, ਕਨਿਕਾ, ਅਕਾਸ਼ਦੀਪ ਕੌਰ, ਤਬੀਤਾ, ਪਿ੍ਆ, ਗੁਰਲੀਨ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਮਾਤ ਭਾਸ਼ਾ ਨੂੰ ਸਮਰਪਿਤ ਕਵਿਤਾ ਤੇ ਭਾਸ਼ਣ ਸ੍ਰੋਤਿਆਂ ਨਾਲ ਸਾਂਝੇ ਕੀਤੇ | ਇਸ ਮੌਕੇ ਪ੍ਰੋ. ਆਰਤੀ ਮਹਾਜਨ, ਪ੍ਰੋ. ਰੀਤੀ ਸ਼ਰਮਾ, ਪ੍ਰੋ. ਪੂਜਾ ਦੇਵੀ, ਪ੍ਰੋ. ਜੁਝਾਰ ਸਿੰਘ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਸ਼ਿਵਾਨੀ, ਪ੍ਰੋ. ਨਵਦੀਪ ਕੌਰ, ਪ੍ਰੋ. ਅੰਮਿ੍ਤਪਾਲ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਅੰਜਨਾ ਸ਼ਰਮਾ, ਪ੍ਰੋ. ਰਿਧਿਮਾ ਮਹਾਜਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੁਮਨ ਚੈਰੀਟੇਬਲ ਟਰੱਸਟ ਵਲੋਂ ਬੱਸ ਯਾਤਰਾ 22 ਨੂੰ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।