ਧਾਰਕਲਾਂ, 27 ਫਰਵਰੀ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਦੀ ਪੰਜਾਬ-ਹਿਮਾਚਲ ਦੀ ਸਰਹੱਦ ਕਟੋਰੀ ਬੰਗਲਾ ਵਿਖੇ ਪਿਛਲੇ ਪੰਜ ਦਿਨ ਪਹਿਲਾਂ ਰਾਸ਼ਟਰੀ ਰਾਜ ਮਾਰਗ ਕਿਨਾਰੇ ਬਣੀਆਂ ਦੋ ਦੁਕਾਨਾਂ ਸਾਹਮਣੇ ਟਿੱਪਰ ਨੰਬਰ ਐਚ.ਪੀ.-57-9863 ਦੀ ਟੈਂਕੀ ਵਿਚੋਂ ਲਗਭਗ 100 ਲੀਟਰ ਡੀਜ਼ਲ ਰਾਤ ਨੰੂ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ | ਟਿੱਪਰ ਦੇ ਡਰਾਈਵਰ ਗਾਂਧੀ ਰਾਮ ਨੇ ਦੱਸਿਆ ਕਿ ਉਹ ਅਕਸਰ ਆਪਣਾ ਖਾਲੀ ਟਿੱਪਰ ਦੁਕਾਨਾਂ ਦੇ ਸਾਹਮਣੇ ਕਟੋਰੀ ਬੰਗਲਾ ਵਿਖੇ ਖੜ੍ਹਾ ਕਰਕੇ ਹਿਮਾਚਲ ਪ੍ਰਦੇਸ਼ 'ਚ ਆਪਣੇ ਘਰ ਚਲਾ ਜਾਂਦਾ ਸੀ | ਪਰ ਕਦੇ ਵੀ ਚੋਰੀ ਦਾ ਕੋਈ ਹਾਦਸਾ ਨਹੀਂ ਵਾਪਰਿਆ | ਪਰ ਬੀਤੀ 21 ਫਰਵਰੀ ਜਦੋਂ ਉਹ ਟਿੱਪਰ ਭਰਨ ਲਈ ਪਠਾਨਕੋਟ ਜਾਣ ਲਈ ਟਿੱਪਰ ਕੋਲ ਪੁੱਜਾ ਤਾਂ ਦੇਖਿਆ ਕਿ ਡੀਜ਼ਲ ਥੱਲੇ ਡੁੱਲਿਆ ਪਿਆ ਹੈ | ਉਸ ਵਲੋਂ ਟਿੱਪਰ ਦੀ ਟੈਂਕੀ 'ਚ ਗੇਜ਼ ਮਾਰ ਕੇ ਦੇਖਿਆ ਤਾਂ ਲਗਭਗ 100 ਲੀਟਰ ਡੀਜ਼ਲ ਚੋਰੀ ਹੋ ਚੁੱਕਾ ਸੀ ਤੇ ਅੱਜ ਜਦੋਂ ਉਹ ਸਵੇਰ ਸਮੇਂ ਆਪਣੀ ਟਿੱਪਰ ਲੈ ਕੇ ਪਠਾਨਕੋਟ ਜਾ ਰਿਹਾ ਸੀ ਤਾਂ ਕਟੋਰੀ ਤੋਂ ਇਕ ਕਿੱਲੋਮੀਟਰ ਦੂਰ ਸ਼ਮਸ਼ਾਨਘਾਟ ਵਿਖੇ ਸੜਕ ਕਿਨਾਰੇ ਇਕ ਮੋਟਰਸਾਈਕਲ ਪਲਸਰ ਐਨ.160 ਨੰਬਰ ਪੀ.ਬੀ. 35ਏ.ਪੀ.-3243 ਖੜਾ ਸੀ | ਇਹ ਮੋਟਰਸਾਈਕਲ ਪਿੰਡ ਦਰਕੂਆ ਬੰਗਲਾ ਨਿਵਾਸੀ ਤਰਸੇਮ ਮਹਾਜਨ ਦਾ ਸੀ, ਜੋ ਕਟੋਰੀ ਬੰਗਲਾ ਸਥਿਤ 2 ਦੁਕਾਨਾਂ ਦੇ ਬਾਹਰ ਲੱਗਾ ਹੁੰਦਾ ਹੈ | ਟਿੱਪਰ ਚਾਲਕ ਨੇ ਦੁਕਾਨਦਾਰ ਵਿਜੇ ਕੁਮਾਰ ਨੰੂ ਫੋਨ ਕਰਕੇ ਦੱਸਿਆ ਕਿ ਉਕਤ ਮੋਟਰਸਾਈਕਲ ਸ਼ਮਸ਼ਾਨਘਾਟ 'ਤੇ ਖੜ੍ਹਾ ਹੈ ਤੇ ਉਸ ਦਾ ਲਾਕ ਟੁੱਟਿਆ ਹੋਇਆ ਹੈ ਤੇ ਬਿਜਲੀ ਦੀ ਵਾਇਰਿੰਗ ਉਖੜੀ ਹੋਈ ਹੈ | ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਲਾਵਾਰਸ ਹਾਲਤ 'ਚ ਪਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਚੋਰਾਂ ਨੇ ਲਾਕ ਤਾਂ ਤੋੜ ਦਿੱਤਾ ਹੋਇਆ ਸੀ ਪਰ ਉਨ੍ਹਾਂ ਕੋਲੋਂ ਸ਼ਾਇਦ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਤੇ ਉਹ ਉਸ ਨੰੂ ਲਾਵਾਰਸ ਛੱਡ ਕੇ ਭੱਜ ਗਏ | ਇਹ ਚੋਰੀ ਦੀ ਦੂਜੀ ਵਾਰਦਾਤ ਹੈ |