ਫ਼ਤਹਿਗੜ੍ਹ ਚੂੜੀਆਂ, 27 ਫਰਵਰੀ (ਐਮ.ਐਸ. ਫੁੱਲ)-ਬੀਤੇ ਕੱਲ੍ਹ ਸ਼ਹਿਰ ਦੇ ਨਵੇਂ ਬੱਸ ਅੱਡੇ ਦੇ ਸਾਹਮਣੇ ਸਥਿਤ ਬੀਕਾਨੇਰ ਸਵੀਟਸ ਦੀ ਦੁਕਾਨ 'ਤੇ ਕੁਝ ਗ੍ਰਾਹਕਾਂ ਵਲੋਂ ਨਕਲੀ ਮਠਿਆਈਆਂ ਵੇਚਣ ਦੇ ਦੋਸ਼ ਲਗਾਏ ਗਏ ਸਨ ਤੇ ਸਿਹਤ ਵਿਭਾਗ ਤੇ ਫੂਡ ਸੇਫਟੀ ਵਿਭਾਗ ਨੂੰ ਖਾਣ-ਪੀਣ ਦੀਆਂ ਦੁਕਾਨਾਂ ਦੇ ਨਮੂਨੇ ਭਰਨ ਲਈ ਗੁਹਾਰ ਲਗਾਈ ਸੀ, ਜਿਸ 'ਤੇ ਤੁਰੰਤ ਅਸਰ ਕਰਦਿਆਂ ਸੰਬੰਧਿਤ ਵਿਭਾਗ ਨੇ ਫ਼ਤਹਿਗੜ੍ਹ ਚੂੜੀਆਂ ਦੇ ਮੁੱਖ ਬਾਜ਼ਾਰਾਂ 'ਚ ਜਿਉਂ ਹੀ ਨਮੂਨੇ ਭਰਨ ਦੀ ਕਵਾਇਦ ਸ਼ੁਰੂ ਕੀਤੀ ਤਾਂ ਵੇਖਦੇ ਹੀ ਵੇਖਦੇ ਸ਼ਹਿਰ ਦੀਆਂ ਡੇਅਰੀਆਂ ਤੇ ਹਲਵਾਈ ਦੀਆਂ ਦੁਕਾਨਾਂ ਬੰਦ ਹੋਣ ਲੱਗੀਆਂ ਤੇ ਸਹਿਜੇ-ਸਹਿਜੇ ਬਹੁਤ ਸਾਰੀਆਂ ਖਾਣ ਪੀਣ, ਕਰਿਆਨਾ, ਹਲਵਾਈ ਤੇ ਡੇਅਰੀ ਪ੍ਰੋਡੈਕਟ ਦੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਇਸ ਤਰ੍ਹਾਂ ਲੱਗਣ ਲੱਗ ਪਿਆ ਜਿਵੇਂ ਹੜਤਾਲ ਹੋ ਗਈ ਹੋਵੇ | ਇਸ ਤੋਂ ਇਹ ਸਹਿਜੇ ਹੀ ਸਿੱਧ ਹੁੰਦਾ ਹੈ ਕਿ ਫ਼ਤਹਿਗੜ੍ਹ ਚੂੜੀਆਂ ਵਿਚ ਦੁਕਾਨਾਂ 'ਤੇ ਸਭ ਕੁਝ ਠੀਕ ਨਹੀਂ ਚੱਲ ਰਿਹਾ, ਜੇਕਰ ਸਾਰੇ ਦੁਕਾਨਦਾਰ ਵਧੀਆ ਕੁਆਲਟੀ ਦਾ ਸਾਮਾਨ ਵੇਚ ਰਹੇ ਹਨ ਤਾਂ ਫਿਰ ਉਨ੍ਹਾਂ ਨੂੰ ਦੁਕਾਨਾਂ ਬੰਦ ਕਰ ਕੇ ਭੱਜਣ ਦੀ ਕੀ ਜ਼ਰੂਰਤ ਹੈ | ਖ਼ਾਸ ਤੌਰ 'ਤੇ ਮਠਿਆਈਆਂ ਤੇ ਡੇਅਰੀ ਦਾ ਸਾਮਾਨ ਵੇਚਣ ਵਾਲੇ ਨਮੂਨੇ ਭਰਨ ਵਾਲੇ ਅਧਿਕਾਰੀਆਂ ਤੋਂ ਏਨਾ ਡਰਦੇ ਕਿਉਂ ਹਨ, ਕੀ ਉਨ੍ਹਾਂ ਦੇ ਸਾਮਾਨ 'ਚ ਮਿਲਾਵਟ ਹੈ? ਜੇਕਰ ਨਹੀਂ ਤਾਂ ਫਿਰ ਦੁਕਾਨਾਂ ਬੰਦ ਕਿਉਂ ਹੋਈਆਂ, ਇਹ ਸਵਾਲ ਆਪਣੇ-ਆਪ ਵਿਚ ਸੰਭੀਰ ਸਿੱਟੇ ਕੱਢ ਰਿਹਾ ਹੈ | ਅੱਜ ਹੋਈ ਕਾਰਵਾਈ ਬਾਰੇ ਵਿਭਾਗ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕੁਝ ਵੀ ਨਹੀਂ ਦੱਸਿਆ ਤੇ ਨਾ ਹੀ ਇਹ ਦੱਸਿਆ ਕਿ ਕਿੰਨੇ ਲੋਕਾਂ ਦੇ ਨਮੂਨੇ ਭਰੇ ਗਏ ਹਨ |