ਸ੍ਰੀ ਹਰਿਗੋਬਿੰਦਪੁਰ, 28 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਵਰਸਾਲਚੱਕ ਦੇ ਵਸਨੀਕ ਰਮਨ ਸਿੰਘ ਵਰਸਾਲਚੱਕ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਅਤੇ ਗੰਧਲੀ ਹੋ ਰਹੀ ਆਬੋ-ਹਵਾ, ਪਾਣੀ ਦੇ ਕਾਰਨ ਮਨੁੱਖ ਦੇ ਸਰੀਰ ਨੂੰ ਕਈ ਪ੍ਰਕਾਰ ਦੀ ਬਿਮਾਰੀਆਂ ਲੱਗ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਦਾ ਇਕ ਕਾਰਨ ਇਹ ਵੀ ਹੈ ਅੱਜ ਦੇ ਜ਼ਮਾਨੇ ਦੌਰਾਨ ਬਹੁਤ ਤੇਜ਼ੀ ਮਨੁੱਖ ਵਲੋਂ ਦਰਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਅਤੇ ਵਿਕਾਸ ਦੇ ਨਾਂਅ 'ਤੇ ਸੜਕਾਂ ਦੇ ਕਿਨਾਰੇ 'ਤੇ ਲਗਾਏ ਗਏ ਦਰਖ਼ਤ ਵੀ ਬਹੁਗਿਣਤੀ ਵਿਚ ਕੱਟ ਦਿੱਤੇ ਗਏ ਹਨ, ਜਿਸ ਕਾਰਨ ਮਿੱਟੀ ਘੱਟੇ ਦੀ ਮਾਤਰਾ ਵਿਚ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਜਿੰਨੀ ਤੇਜ਼ੀ ਨਾਲ ਸੜਕਾਂ ਕਿਨਾਰੇ ਲੱਗੇ ਦਰਖਤਾਂ ਦੀ ਕਟਾਈ ਹੋ ਰਹੀ ਹੈ, ਉਨੇ ਬੂਟੇ ਨਵੇਂ ਨਹੀਂ ਲਗਾਏ ਜਾ ਰਹੇ, ਜਿਸ ਕਾਰਨ ਇਸ ਵਾਰ ਗਰਮੀਆਂ ਦੀ ਰੁੱਤ ਦੌਰਾਨ ਗਰਮੀ ਦਾ ਪ੍ਰਕੋਪ ਵੀ ਵਧਣ ਦੇ ਆਸਾਰ ਸਨ | ਰਮਨ ਸਿੰਘ ਨੇ ਸਮਾਜ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ | ਇਸ ਸਮੇਂ ਅਮਨ ਸਿੰਘ ਚੀਮਾ, ਨਿਸ਼ਾਨ ਸਿੰਘ ਖੱਖ ਖੋਜਕੀਪੁਰ, ਹਰਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਮੈਂਬਰ, ਸੁਖਮਨ ਚੀਮਾ, ਲਾਡੀ ਖੋਜਕੀਪੁਰ, ਗੁਰਪ੍ਰੀਤ ਸਿੰਘ ਵਰਸਾਲਚੱਕ ਆਦਿ ਹਾਜ਼ਰ ਸਨ |